ਇਸ ਸਮੇਂ ਦੀ ਵੱਡੀ ਖ਼ਬਰ
ਚੋਣ ਕਮਿਸ਼ਨ ਨੇ ਲਿਆ ਵੱਡਾ ਫੈਸਲਾ
ਚੋਣ ਨਤੀਜਿਆਂ ਤੋਂ ਬਾਅਦ ਜਿੱਤ ਦੇ ਜਸ਼ਨ ਤੇ ਲਗਾਈ ਪੂਰੀ ਤਰ੍ਹਾਂ ਪਾਬੰਦੀ
ਚੰਡੀਗੜ੍ਹ, 27ਅਪ੍ਰੈਲ(ਵਿਸ਼ਵ ਵਾਰਤਾ) ਕੋਰੋਨਾ ਦਾ ਸੰਕਟ ਪਿਛਲੇ ਦਿਨਾਂ ਵਿੱਚ ਤੇਜ਼ੀ ਨਾਲ ਵਧਿਆ ਹੈ। ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ । ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣ ਨਤੀਜਿਆਂ ਦਾ ਐਲਾਨ 2 ਮਈ ਨੂੰ ਕੀਤਾ ਜਾਵੇਗਾ।ਚੋਣ ਕਮਿਸ਼ਨ ਨੇ ਨਤੀਜਿਆਂ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਜਿੱਤ ਦੇ ਜਸ਼ਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ । ਕੋਰੋਨਾ ਦੇ ਵੱਧ ਰਹੇ ਪ੍ਰਕੋਪ ਦੇ ਕਾਰਨ ਚੋਣ ਕਮਿਸ਼ਨ ਵੱਲੋਂ ਇਹ ਸਖਤ ਫੈਸਲਾ ਲਿਆ ਗਿਆ ਹੈ । ਨਤੀਜਿਆਂ ਤੋਂ ਬਾਅਦ ਜੇਤੂ ਉਮੀਦਵਾਰ ਸਿਰਫ ਦੋ ਵਿਅਕਤੀਆਂ ਨਾਲ ਹੀ ਆਪਣੀ ਜਿੱਤ ਦਾ ਸਰਟੀਫਿਕੇਟ ਲੈਣ ਜਾ ਸਕਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਤੋਂ ਇਲਾਵਾ ਚੋਣ ਕਮਿਸ਼ਨ ਹੋਰ ਪਾਬੰਦੀਆਂ ਵੀ ਲਗਾ ਸਕਦਾ ਹੈ, ਜਲਦੀ ਹੀ ਸੰਪੂਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ। ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲ ਅਤੇ ਪੁਡੂਚੇਰੀ ਦੇ ਚੋਣ ਨਤੀਜੇ 2 ਮਈ ਨੂੰ ਐਲਾਨੇ ਜਾਣੇ ਹਨ । ਚਾਰ ਰਾਜਾਂ ਵਿੱਚ ਚੋਣਾਂ ਖਤਮ ਹੋ ਗਈਆਂ ਹਨ, ਜਦੋਂ ਕਿ ਬੰਗਾਲ ਵਿੱਚ ਵੋਟਿੰਗ ਦਾ ਇੱਕ ਪੜਾਅ ਬਾਕੀ ਹੈ ।ਦੱਸ ਦੱਇਏ ਕਿ ਮਦਰਾਸ ਹਾਈ ਕੋਰਟ ਨੇ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਕਿਹਾ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਲਈ ਪੂਰੀ ਤਰ੍ਹਾਂ ਚੋਣ ਕਮਿਸ਼ਨ ਜ਼ਿੰਮੇਵਾਰ ਹੈ। ਚੋਣ ਕਮਿਸ਼ਨ ਨੇ ਕਿਸੇ ਵੀ ਤਰ੍ਹਾਂ ਦੀ ਚੋਣ ਮੀਟਿੰਗ ਤੇ ਕੋਈ ਪਾਬੰਦੀ ਨਹੀਂ ਲਗਾਈ ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਰਹੇ।