ਅੱਜ ਇਥੇ ਸਥਾਨਕ ਸਰਕਾਰਾਂ ਭਵਨ ਵਿਖੇ ਵਿਭਾਗ ਦੇ ਸਲਾਹਕਾਰ ਡਾ.ਅਮਰ ਸਿੰਘ ਤੇ ਵਧੀਕ ਮੁੱਖ ਸਕੱਤਰ ਸ੍ਰੀ ਸਤੀਸ਼ ਚੰਦਰਾ ਨਾਲ ਮੀਟਿੰਗ ਉਪਰੰਤ ਮੀਡੀਆ ਨਾਲ ਗੱਲ ਕਰਦਿਆਂ ਸ. ਸਿੱਧੂ ਨੇ ਕਿਹਾ ਕਿ 4 ਨਗਰ ਨਿਗਮਾਂ ਤੇ 28 ਨਗਰ ਕੌਂਸਲ ਤੇ ਪੰਚਾਇਤਾਂ ਦਾ ਪੰਜ ਸਾਲ ਦਾ ਸਮਾਂ ਪੂਰਾ ਹੋ ਚੁੱਕਾ ਹੈ ਅਤੇ ਇਨ੍ਹਾਂ ਵਿੱਚ ਚੋਣਾਂ ਕਰਵਾਈਆਂ ਜਾਣੀਆਂ ਹਨ ਜਿਸ ਕਾਰਨ ਇਨ੍ਹਾਂ ਸ਼ਹਿਰਾਂ ਵਿੱਚ ਵਿਕਾਸ ਕੰਮਾਂ ਵਿੱਚ ਖੜੋਤ ਨਾ ਆਉਣ ਦੇਣ ਦੇ ਇਰਾਦੇ ਨਾਲ ਚੋਣਾਂ ਕਰਵਾਉਣ ਤੱਕ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਚੋਣਾਂ ਕਰਵਾਈਆਂ ਜਾਣਗੀਆਂ। ਇਸ ਮੌਕੇ ਵਿਧਾਇਕ ਸ੍ਰੀ ਪਰਗਟ ਸਿੰਘ ਵੀ ਹਾਜ਼ਰ ਸਨ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਵਧਦੀ ਵਸੋਂ ਕਾਰਨ 4 ਵੱਡੀਆਂ ਨਗਰ ਨਿਗਮਾਂ ਵਾਲੇ ਸ਼ਹਿਰਾਂ ਦੀ ਵਾਰਡਬੰਦੀ ਲਈ ਨਵਾਂ ਫਾਰਮੂਲਾ ਬਣਾਇਆ ਗਿਆ ਜਿਸ ਨਾਲ ਵਾਰਡਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਵਾਰਡਾਂ ਦੀ ਗਿਣਤੀ 65 ਤੋਂ ਵਧਾ ਕੇ 85, ਜਲੰਧਰ ਵਿਖੇ 60 ਤੋਂ ਵਧਾ ਕੇ 80, ਪਟਿਆਲਾ ਵਿਖੇ 50 ਤੋਂ ਵਧਾ ਕੇ 60 ਅਤੇ ਲੁਧਿਆਣਾ ਵਿਖੇ 75 ਤੋਂ ਵਧਾ ਕੇ ਵਾਰਡਾਂ ਦੀ ਗਿਣਤੀ 95 ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰੋਂ ਨਗਰ ਨਿਗਮ ਸ਼ਹਿਰਾਂ ਵਿੱਚ ਮਿਆਦ ਪੁੱਗ ਜਾਣ ਕਾਰਨ ਸਬੰਧਤ ਨਗਰ ਨਿਗਮਾਂ ਦੇ ਕਮਿਸ਼ਨਰਾਂ ਨੂੰ ਇਨ੍ਹਾਂ ਦੇ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।