ਚਾਰ ਰਾਜਾਂ ‘ਚ ਬਰਡ ਫਲੂ, ਅਲਰਟ ਜਾਰੀ; ਮਰੀਜ਼ਾਂ, ਪੰਛੀਆਂ ਅਤੇ ਮੁਰਗੀਆਂ ਦੀ ਨਿਗਰਾਨੀ ਵਧਾਉਣ ਦੀਆਂ ਹਦਾਇਤਾਂ
ਚੰਡੀਗੜ੍ਹ, 31ਮਈ(ਵਿਸ਼ਵ ਵਾਰਤਾ)- ਅਮਰੀਕਾ ਅਤੇ ਆਸਟ੍ਰੇਲੀਆ ਤੋਂ ਬਾਅਦ ਭਾਰਤ ਦੇ ਚਾਰ ਰਾਜਾਂ ਵਿੱਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਕੇਂਦਰ ਸਰਕਾਰ ਦੇ ਸਿਹਤ ਅਤੇ ਪਸ਼ੂ ਪਾਲਣ ਮੰਤਰਾਲੇ ਦੇ ਡਾਇਰੈਕਟੋਰੇਟ ਜਨਰਲ ਨੇ ਰਾਜਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਅਲਰਟ ‘ਤੇ ਰੱਖਣ ਲਈ ਕਿਹਾ ਹੈ। ਨਾਲ ਹੀ ਐਂਟੀਵਾਇਰਲ ਦਵਾਈਆਂ (ਓਸੇਲਟਾਮੀਵੀਰ), ਪੀਪੀਈ ਕਿੱਟਾਂ ਅਤੇ ਮਾਸਕਾਂ ਦੀ ਤੁਰੰਤ ਸਟੋਰੇਜ ਲਈ ਨਿਰਦੇਸ਼ ਦਿੱਤੇ ਗਏ ਹਨ।
ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐਨਸੀਡੀਸੀ) ਅਤੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (ਡੀਏਐਚਡੀ) ਦੀਆਂ ਇਨ੍ਹਾਂ ਸਾਂਝੀਆਂ ਹਦਾਇਤਾਂ ਵਿੱਚ ਰਾਜਾਂ ਨੂੰ ਘਰੇਲੂ ਪੰਛੀਆਂ/ਮੁਰਗੀਆਂ ਦੀਆਂ ਅਸਧਾਰਨ ਮੌਤਾਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਕੇਂਦਰ ਨੇ ਬੁੱਚੜਖਾਨਿਆਂ, ਪੋਲਟਰੀ ਫਾਰਮਾਂ ਦੇ ਨਾਲ-ਨਾਲ ਸੀਵਰੇਜ ਅਤੇ ਜਲਘਰਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦੇਸ਼ ਦੇ ਸਿਹਤ ਡਾਇਰੈਕਟਰ ਜਨਰਲ ਡਾਕਟਰ ਅਤੁਲ ਗੋਇਲ ਦੇ ਅਨੁਸਾਰ, ਆਂਧਰਾ ਪ੍ਰਦੇਸ਼ ਦੇ ਨੇਲੋਰ, ਮਹਾਰਾਸ਼ਟਰ ਦੇ ਨਾਗਪੁਰ, ਕੇਰਲ ਦੇ ਅਲਾਪੁਝਾ, ਕੋਟਾਯਮ ਅਤੇ ਪਠਾਨਮਥਿੱਟਾ ਦੇ ਨਾਲ-ਨਾਲ ਝਾਰਖੰਡ ਦੇ ਰਾਂਚੀ ਜ਼ਿਲ੍ਹੇ ਵਿੱਚ ਪੋਲਟਰੀ ਫਾਰਮਾਂ ਵਿੱਚ ਲਾਗ ਦੀ ਪੁਸ਼ਟੀ ਹੋਈ ਹੈ। ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਵਿਅਕਤੀ ਨੂੰ ਸੰਕਰਮਿਤ ਹੋਣ ਦੀ ਸੂਚਨਾ ਨਹੀਂ ਹੈ। ਭਾਰਤ ਵਿਚ 2006 ਤੋਂ ਬਰਡ ਫਲੂ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਪਿਛਲੇ ਮਾਰਚ ਤੋਂ ਕਈ ਦੇਸ਼ਾਂ ਵਿਚ ਏਵੀਅਨ ਫਲੂ ਵਾਇਰਸ (ਬਰਡ ਫਲੂ) ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਸਮੇਂ ਸਿਰ ਤਿਆਰੀਆਂ ਕਰਨਾ ਬਹੁਤ ਜ਼ਰੂਰੀ ਹੈ।