ਚਰਵਾਹਿਆਂ ਦੇ ਪਸ਼ੂਆਂ ਨੂੰ ਸੜ੍ਹਕਾਂ ਕਿਨਾਰੇ ਚਰਾਉਣ ’ਤੇ ਰੋਕ
ਮੂੰਹ ਖੁਰ ਤੇ ਧੱਫ਼ੜੀ ਦੀ ਬਿਮਾਰੀ ਤੋਂ ਬਚਾਅ ਲਈ ਵੀ ਪਸ਼ੂਆਂ ਨੂੰ ਬਾਹਰ ਲਿਆਉਣ ਤੋਂ ਗੁਰੇਜ਼ ਕੀਤਾ ਜਾਵੇ
ਨਵਾਂਸ਼ਹਿਰ, 14 ਦਸੰਬਰ(ਵਿਸ਼ਵ ਵਾਰਤਾ)-ਜ਼ਿਲ੍ਹਾ ਮੈਜਿਸਟਰੇਟ, ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਚਰਵਾਹਿਆਂ ਵੱਲੋਂ ਪਸ਼ੂਆਂ ਨੂੰ ਸੜਕਾਂ ਕਿਨਾਰੇ ਚਰਾਉਣ ’ਤੇ ਰੋਕ ਲਗਾ ਦਿੱਤੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਚਰਵਾਹੇ ਵੱਡੀ ਗਿਣਤੀ ’ਚ ਗਾਵਾਂ, ਮੱਝਾਂ ਤੇ ਹੋਰ ਪਸ਼ੂ ਆਦਿ ਲੈ ਕੇ ਜ਼ਿਲ੍ਹੇ ’ਚ ਪੈਂਦੇ ਸ਼ਹਿਰਾਂ/ਕਸਬਿਆਂ ਅਤੇ ਪਿੰਡਾਂ ’ਚ ਘੁੰਮਦੇ ਫਿਰਦੇ ਹਨ ਜੋ ਕਿ ਲੋਕਾਂ ਦੀਆਂ ਫਸਲਾਂ ਅਤੇ ਸੜ੍ਹਕ ਕਿਨਾਰੇ ਲਗਾਏ ਗਏ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਇਸ ਤੋਂ ਇਲਾਵਾ ਮੂੰਹ-ਖੁਰ ਤੇ ਧੱਫ਼ੜੀ ਰੋਗ ਤੋਂ ਪਸ਼ੂਆਂ ਨੂੰ ਬਚਾਉਣ ਲਈ ਪਸ਼ੂਆਂ ਨੂੰ ਚਰਾਉਣ ਲਈ ਬਾਹਰ ਲਿਆਉਣ ਤੋਂ ਪ੍ਰਹੇਜ਼ ਕਰਨ ਲਈ ਕਿਹਾ ਗਿਆ ਹੈ। ਇਹ ਹੁਕਮ 16 ਦਸੰਬਰ, 2022 ਤੋਂ 15 ਫ਼ਰਵਰੀ 2023 ਤੱਕ ਲਾਗੂ ਰਹਿਣਗੇ।