ਚਰਚਿਤ ਲੀਡਰ ਨਵਜੋਤ ਸਿੰਘ ਸਿੱਧੂ ਫੇਰ ਸ਼ਸ਼ੋਪੰਜ ’ਚ-ਫਿਰ ਆਈ ਇਕ ਪਾਰਟੀ ਤੋਂ ਪੇਸ਼ਕਸ਼
“ਇਧਰ ਜਾਊਂ , ਕਿ ਉਧਰ ਜਾਊਂ”
ਚੰਡੀਗੜ੍ਹ, 2ਜਨਵਰੀ (ਵਿਸ਼ਵ ਵਾਰਤਾ ਡੈਸਕ)-ਚਰਚਿਤ ਲੀਡਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਵੇਲੇ ਭਾਰੀ ਸ਼ਸ਼ੋਪੰਜ ਵਿੱਚ ਹਨ ਕਿ ਉਹ ਕਾਂਗਰਸ ਨਾਲ ਹੀ ਜੁੜੇ ਰਹਿਣ ਕਿ ਉਹਨਾਂ ਨੂੰ ਵੱਖ-ਵੱਖ ਪਾਰਟੀਆਂ ਵੱਲੋਂ ਆਈਆਂ ਪੇਸ਼ਕਸ਼ਾਂ ਵਿੱਚੋਂ ਕਿਸੇ ਇਕ ਹੋਰ ਪਾਰਟੀ ਨਾਲ ਜੁੜ ਜਾਣਾ ਚਾਹੀਦਾ ਹੈ। ਬੇਸ਼ੱਕ ਪਿਛਲੇ ਦਿਨੀਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਲੱਗਿਆ ਸੀ ਕਿ ਉਹ ਪੰਜਾਬ ਮੰਤਰੀ ਮੰਡਲ ਵਿੱਚ ਮੁੜ ਸ਼ਾਮਲ ਕਰ ਲਏ ਜਾਣਗੇ, ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਭਾਵੇਂਕਿ ਉਹਨਾਂ ਵੱਲੋਂ ਛੱਡਿਆ ਅਹੁਦਾ ਅਜੇ ਵੀ ਖਾਲੀ ਪਿਆ ਹੈ। ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤਾਂ ਉਤੇ ਪੂਰੀ ਨਜ਼ਰ ਰੱਖ ਰਹੇ ਹਨ ਪਰ ਇਕ ਤੇਜ਼ਤਰਾਰ ਅਤੇ ਲੋਕਾਂ ਵਿੱਚ ਰਹਿਣ ਵਾਲੇ ਆਗੂ ਵੱਲੋਂ ਧਾਰੀ ਚੁੱਪੀ ਉਨ੍ਹਾਂ ਦੇ ਸ਼ਸ਼ੋਪੰਜ ਵਿੱਚ ਹੋਣ ਦੀ ਪੁਸ਼ਟੀ ਕਰਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਕ ਪੰਜਾਬ ਵਿੱਚ ਚੰਗਾ ਆਧਾਰ ਰੱਖਣ ਵਾਲੀ ਪਾਰਟੀ ਦੇ ਸੁਪਰੀਮੋ ਨੇ ਇਕ ਵਾਰ ਫਿਰ ਉਹਨਾਂ ਨੂੰ ਪੰਜਾਬ ਵਿੱਚ ਪਾਰਟੀ ਦੀ ਅਗਵਾਈ ਸੰਭਾਲਣ ਨੂੰ ਕਿਹਾ ਹੈ। ਪਰ ਨਵਜੋਤ ਸਿੰਘ ਸਿੱਧੂ ਹੁਰਾਂ ਇਸ ਦਾ ਕੋਈ ਚੰਗਾ ਹੁੰਗਾਰਾ ਨਹੀਂ ਭਰਿਆ ਹੈ।ਉਹ ਹਾਲੇ ਵੀ ਇਹ ਸੋਚਦੇ ਹਨ ਕਿ ਛੇਤੀ ਹੀ ਕਾਂਗਰਸ ਪ੍ਰਧਾਨਗੀ ਦਾ ਤਾਜ਼ ਰਾਹੁਲ ਗਾਂਧੀ ਵੱਲੋਂ ਸੰਭਾਲੇ ਜਾਣ ਤੋਂ ਬਾਅਦ ਉਹਨਾਂ ਦੇ ਚੰਗੇ ਦਿਨ ਆ ਜਾਣਗੇ। ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੇ ਹੱਲ ਹੋ ਜਾਣ ਤੋਂ ਤੁਰੰਤ ਬਾਅਦ ਪੰਜਾਬ ਮੰਤਰੀ ਮੰਡਲ ਵਿੱਚ ਹੋ ਰਹੇ ਫੇਰ-ਬਦਲ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਮੁੜ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਮੁਤਾਬਕ ਵਿਭਾਗ ਵੀ ਦਿੱਤਾ ਜਾ ਸਕਦਾ ਹੈ।ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀਆਂ ਦਾ ਮੰਨਣਾ ਹੈ ਕਿ ਸਿੱਧੂ ਕਾਂਗਰਸ ਵਿੱਚ ਹੀ ਰਹਿਣਗੇ ਕਿਉਂਕਿ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਹੱਕ ਵਿੱਚ ਹੀ ਲੱਗਦੇ ਹਨ ਤੇ ਉਹਨਾਂ ਨੂੰ ਪੂਰੀ ਆਸ ਹੈ ਕਿ 2022 ਵਿੱਚ ਵੀ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਕਾਂਗਰਸ ਸਰਕਾਰ ਬਣਾ ਕੇ ਇਤਿਹਾਸ ਦੁਹਰਾਏਗੀ।