ਘੱਟ ਦਰਾਂ `ਤੇ ਮਿਆਰੀ ਸੇਵਾਵਾਂ ਦੇਣ ਲਈ 25 ਸਰਕਾਰੀ ਹਸਪਤਾਲਾਂ ਵਿੱਚ ਜਨਤਕ ਨਿੱਜੀ ਭਾਈਵਾਲੀ ਦੇ ਆਧਾਰ `ਤੇ ਐਮ.ਆਰ.ਆਈ. ਅਤੇ ਸੀ.ਟੀ. ਸੈਂਟਰ ਸਥਾਪਤ ਕੀਤੇ ਜਾਣਗੇ
25 ਹਸਪਤਾਲਾਂ ਨੂੰ 6 ਕਲੱਸਟਰਾਂ ਵਿੱਚ ਵੰਡਿਆ: ਹਰੇਕ ਕਲੱਸਟਰ ਦੇ ਮੁੱਖ ਹਸਪਤਾਲ ਵਿੱਚ ਇੱਕ ਐਮ.ਆਰ.ਆਈ ਤੇ ਸੀ.ਟੀ. ਸੈਂਟਰ ਹੋਵੇਗਾ
ਸੀ.ਟੀ, ਐਮ.ਆਰ.ਆਈ. ਅਤੇ ਪੈਥੋਲੋਜੀਕਲ ਸੇਵਾਵਾਂ ਦੀਆਂ ਦਰਾਂ ਸੂਬੇ ਦੇ ਪੀ.ਪੀ.ਪੀ. ਪ੍ਰਾਜੈਕਟ ਤਹਿਤ ਦੇਸ਼ ਵਿੱਚ ਸਭ ਤੋਂ ਘੱਟ ਹੋਣ ਦੀ ਉਮੀਦ
ਚੰਡੀਗੜ੍ਹ, 15 ਜੁਲਾਈ:ਇਕ ਛੱਤ ਹੇਠ ਐਮ.ਆਰ.ਆਈ, ਸੀ.ਟੀ. ਅਤੇ ਪੈਥੋਲੋਜੀ ਦੇ ਸਾਰੇ ਜ਼ਰੂਰੀ ਟੈਸਟਾਂ ਦੀ ਸਹੂਲਤ ਦੇਣ ਲਈ, ਪੰਜਾਬ ਸਰਕਾਰ ਨੇ ਲੋੜਵੰਦ ਮਰੀਜ਼ਾਂ ਵਾਸਤੇ 25 ਸਰਕਾਰੀ ਹਸਪਤਾਲਾਂ ਵਿਚ ਜਨਤਕ ਨਿੱਜੀ ਭਾਈਵਾਲੀ ਦੇ ਆਧਾਰ `ਤੇ ਕੇਂਦਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਪੰਜਾਬ ਵਿਚ ਅਜਿਹੀਆਂ ਡਾਇਗਨੌਸਟਿਕ ਸੇਵਾਵਾਂ ਜ਼ਿਆਦਾਤਰ ਨਿੱਜੀ ਖੇਤਰ ਵਿੱਚ ਉਪਲੱਬਧ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਡਾਇਰਨੌਸਟਿਕ ਸੇਵਾਵਾਂ ਦੇ ਕੇਂਦਰ 22 ਜ਼ਿਲ੍ਹਾ ਹਸਪਤਾਲਾਂ ਅਤੇ ਖੰਨਾ, ਫਗਵਾੜਾ, ਰਾਜਪੁਰਾ ਦੇ 3 ਸਬ ਡਵੀਜ਼ਨਲ ਹਸਪਤਾਲਾਂ ਵਿੱਚ ਸਥਾਪਤ ਕੀਤੇ ਜਾਣਗੇ। ਇਨ੍ਹਾਂ ਸਹੂਲਤਾਂ ਦੀ ਉਪਲਬਧਤਾ ਦੇ ਨਾਲ ਲੋਕਾਂ ਨੂੰ ਭਾਰੀ ਚਾਰਜਿਜ਼ ਅਦਾ ਕਰਨ ਲਈ ਨਿੱਜੀ ਕੇਂਦਰਾਂ ਵਿੱਚ ਨਹੀਂ ਜਾਣਾ ਪਵੇਗਾ।
ਸ. ਸਿੱਧੂ ਨੇ ਸਪੱਸ਼ਟ ਕੀਤਾ ਕਿ ਹੋਰ ਸਾਰੇ ਟੈਸਟ ਜੋ ਪਹਿਲਾਂ ਹੀ ਸਰਕਾਰੀ ਲੈਬਾਟਰੀਆਂ ਵਿੱਚ ਮੁਫਤ ਕੀਤੇ ਜਾ ਰਹੇ ਹਨ, ਜਲਦ ਹੀ ਉਪਲੱਬਧ ਹੋਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜ਼ਰੂਰਤ ਦੀ ਪੂਰਤੀ ਅਤੇ ਰਾਜ ਭਰ ਵਿੱਚ ਨਿਰਧਾਰਤ ਰੇਟਾਂ `ਤੇ ਸਾਰੇ ਟੈਸਟ ਮੁਹੱਈਆ ਕਰਵਾਉਣ ਲਈ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਪ੍ਰਾਜੈਕਟਾਂ ਵਿੱਚ ਦਿੱਤੀਆਂ ਗਈਆਂ ਭਾਰੀ ਛੋਟਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ, ਉੱਤਰ ਪ੍ਰਦੇਸ਼ (ਰੇਡੀਓਲੌਜੀ) ਸਮੇਤ ਹੋਰਨਾਂ ਰਾਜਾਂ ਵਿੱਚ ਚੱਲ ਰਹੇ ਅਜਿਹੇ ਪੀ.ਪੀ.ਪੀ. ਪ੍ਰੋਜੈਕਟਾਂ ਦੀ ਤੁਲਨਾ ਵਿੱਚ ਪੰਜਾਬ, ਮੋਹਰੀ ਸੂਬਿਆਂ ਵਿੱਚੋਂ ਹੈ। ਹਾਲਾਂਕਿ, ਰਾਜ ਦੇ ਪੀ.ਪੀ.ਪੀ. ਪ੍ਰੋਜੈਕਟ ਦੇ ਤਹਿਤ ਸੀ.ਟੀ. ਐਮਆਰਆਈ ਅਤੇ ਪੈਥੋਲੋਜੀਕਲ ਸੇਵਾਵਾਂ ਦੀਆਂ ਦਰਾਂ ਦੇਸ਼ ਵਿੱਚ ਸਭ ਤੋਂ ਘੱਟ ਹੋਣ ਦੀ ਉਮੀਦ ਹੈ।
ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਕਿਫਾਇਤੀ ਕੀਮਤਾਂ `ਤੇ ਇਹ ਮਿਆਰੀ ਸੇਵਾਵਾਂ ਦੇਣ ਦੀ ਵਿਵਸਥਾ ਨਾਲ ਰਾਜ ਦੇ ਵਸਨੀਕਾਂ ਨੂੰ ਕਾਫ਼ੀ ਲਾਭ ਮਿਲੇਗਾ।
ਸ. ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਸਿਰਫ ਸਰਕਾਰੀ ਮੈਡੀਕਲ ਕਾਲਜ ਸੀਟੀ ਅਤੇ ਐਮਆਰਆਈ ਦੀਆਂ ਐਡਵਾਂਸ ਰੇਡੀਓਲੌਜੀ ਸੇਵਾਵਾਂ ਪ੍ਰਦਾਨ ਕਰਦੇ ਹਨ। ਜ਼ਿਲ੍ਹਾ ਹਸਪਤਾਲਾਂ ਅਤੇ ਸਬ-ਡਵੀਜ਼ਨਲ ਹਸਪਤਾਲ (ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਧੀਨ) ਕੋਲ ਇਨ੍ਹਾਂ ਉੱਚ ਪੱਧਰੀ ਸੀਟੀ ਅਤੇ ਐਮਆਰਆਈ ਸਹੂਲਤਾਂ ਦੀ ਘਾਟ ਹੈ ਅਤੇ ਸਿਰਫ ਦੋ ਹਸਪਤਾਲਾਂ ਜ਼ਿਲ੍ਹਾ ਹਸਪਤਾਲ ਜਲੰਧਰ ਅਤੇ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਕੋਲ ਸੀਟੀ ਮਸ਼ੀਨਾਂ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਜ਼ਿਆਦਾਤਰ ਡਾਇਗਨੌਸਟਿਕ ਸੇਵਾਵਾਂ ਨਿੱਜੀ ਖੇਤਰ ਵਿੱਚ ਹੀ ਮੁਹੱਈਆ ਹਨ। ਜਦੋਂ ਕਿ ਇਹ ਟੈਸਟ ਆਮ ਜਨਤਾ ਦੇ ਪਹੰੁਚ ਤੋਂ ਬਾਹਰ ਹਨ ਅਤੇ ਸੂਬੇ ਦੇ ਕੁਝ ਚੋਣਵੇਂ ਸ਼ਹਿਰਾਂ ਵਿੱਚ ਹੀ ਮੁਹੱਈਆ ਹਨ।ਇਹ ਪਾ੍ਰਜੈਕਟ ਮਾਰਕੀਟ ਦੀ ਖੋਜ ਅਤੇ ਸਮੀਖਿਆ `ਤੇ ਅਧਾਰਤ ਹੈ ਜਿਸਦਾ ਟੀਚਾ ਆਮ ਲੋਕਾਂ ਨੂੰ ਕਿਫ਼ਾਇਤੀ ਕੀਮਤਾਂ `ਤੇ ਡਾਇਗਨੌਸਟਿਕ ਸੇਵਾਵਾਂ ਮੁਹੱਈਆ ਕਰਵਾਉਣਾ ਹੈ।
ਪ੍ਰਮੁੱਖ ਸਕੱਤਰ ਸ੍ਰੀ ਹੁਸਨਾ ਲਾਲ ਨੇ ਕਿਹਾ ਕਿ ਹੋਰ ਸੂਬਿਆਂ ਦੇ ਇਸੇ ਤਰ੍ਹਾਂ ਦੇ ਪ੍ਰਾਜੈਕਟਾਂ ਤੋਂ ਜਾਣਕਾਰੀ ਲੈਂਦਿਆਂ ਇਹ ਸਾਹਮਣੇ ਆਇਆ ਕਿ ਪੀ.ਪੀ.ਪੀ. ਮੋਡ ਦੁਆਰਾ ਰੇਡੀਓ ਡਾਇਗਨੌਸਟਿਕ ਸੇਵਾਵਾਂ ਦੇ ਟੀਚੇ ਨੂੰ ਹਾਸਲ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਮੰਤਵ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਤਿੰਨ ਸਬ ਡਵੀਜ਼ਨਲ ਹਸਪਤਾਲਾਂ ਵਿੱਚ ਮਜ਼ਬੂਤ ਰੇਡੀਓ ਡਾਇਗਨੌਸਟਿਕ ਪ੍ਰਣਾਲੀ ਨੂੰ ਸਥਾਪਤ ਕਰਨਾ ਹੈ। ਉਨ੍ਹਾਂ ਕਿਹਾ ਕਿ 25 ਹਸਪਤਾਲਾਂ ਨੂੰ ਛੇ ਕਲੱਸਟਰਾਂ ਵਿੱਚ ਵੰਡਿਆ ਜਾਵੇਗਾ ਅਤੇ ਹਰ ਕਲੱਸਟਰ ਦੇ ਇੱਕ ਹਸਪਤਾਲ ਵਿੱਚ ਇੱਕ ਐਮ.ਆਰ.ਆਈ. ਅਤੇ ਸੀ.ਟੀ. ਸੈਂਟਰ ਅਤੇ ਹੋਰ ਹਸਪਤਾਲਾਂ ਵਿੱਚ ਕੇਵਲ ਸੀ.ਟੀ. ਸਹੂਲਤ ਦੀ ਹੀ ਸੇਵਾ ਮੁਹੱਈਆ ਹੋਵੇਗੀ।
ਸ੍ਰੀ ਹੁਸਨ ਲਾਲ ਨੇ ਅੱਗੇ ਕਿਹਾ ਕਿ ਇਸ ਪ੍ਰਾਜੈਕਟ ਰਾਹੀਂ ਸੀ.ਜੀ.ਐਚ.ਐਸ. ਕੀਮਤਾਂ `ਤੇ 36 ਫੀਸਦੀ ਤੋਂ 48 ਫੀਸਦੀ ਛੋਟ ਦਿੱਤੀ ਜਾਵੇਗੀ ਅਤੇ ਪੰਜਾਬ ਵਾਸੀ ਹੁਣ ਰੇਡੀਓ ਡਾਇਗਨੌਸਟਿਕ ਸੇਵਾਵਾਂ `ਤੇ ਸਭ ਤੋਂ ਜ਼ਿਆਦਾ ਸਬਸਿਡੀ ਹਾਸਲ ਕਰਨ ਦੇ ਯੋਗ ਹੋਣਗੇ।
ਪ੍ਰਮੁੱਖ ਸਕੱਤਰ ਸਿਹਤ ਨੇ ਦੱਸਿਆ ਕਿ ਪੰਜਾਬ ਸਰਕਾਰ ਚੋਣਵੇਂ ਪ੍ਰਾਈਵੇਟ ਪਾਰਟਨਰਾਂ ਦੁਆਰਾ ਰੇਡੀਓਲੌਜੀ ਅਤੇ ਪੈਥੋਲੋਜੀ ਪ੍ਰਾਜੈਕਟਾਂ ਤਹਿਤ ਅਤਿ ਨਵੀਨਤਮ ਅਤੇ ਆਧੁਨਿਕ ਮਸ਼ੀਨਰੀ ਮੁਹੱਈਆ ਕਰਵਾਉਣਾ ਯਕੀਨੀ ਬਣਾਏਗੀ।
ਉਨ੍ਹਾਂ ਅੱਗੇ ਦੱਸਿਆ ਕਿ ਨਿੱਜੀ ਖੇਤਰ ਦੀ ਕਾਰਗੁਜ਼ਾਰੀ `ਤੇ ਨਿਗਰਾਨੀ ਰੱਖਣ ਲਈ ਜਨਤਕ ਨਿੱਜੀ ਭਾਈਵਾਲੀ ਦੇ ਆਧਾਰ `ਤੇ ਇੱਕ ਮਜ਼ਬੂਤ ਪ੍ਰਣਾਲੀ ਸਥਾਪਤ ਕੀਤੀ ਗਈ ਹੈ ਤਾਂ ਜੋ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ।