ਘਰ-ਘਰ ਰੋਜ਼ਗਾਰ ਦੇਣ ਦਾ ਆਪਣਾ ਵਾਅਦਾ ਪੂਰਾ ਕਰ ਰਹੀ ਹੈ ਸਰਕਾਰ – ਸੋਨੀ
ਕੈਬਨਿਟ ਮੰਤਰੀ ਸੋਨੀ ਨੇ 117 ਨਰਸਾਂ ਨੂੰ ਵੰਡੇ ਨਿਯੁਕਤੀ ਪੱਤਰ
ਨਰਸਾਂ ਦੀ ਮੈਰਿਟ ਦੇ ਆਧਰ ਤੇ ਕੀਤੀ ਚੋਣ
ਸਾਰੇ ਵਿਭਾਗਾਂ ਦੀਆਂ ਖਾਲੀ ਪਈ ਆਸਾਮੀਆਂ ਕੀਤੀਆਂ ਜਾਣਗੀਆਂ ਪੁਰ
ਅੰਮ੍ਰਿਤਸਰ 10 ਜੁਲਾਈ 2021: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰ ਵਿੱਚ ਨੌਜਵਾਨਾਂ ਨੂੰ ਘਰ ਘਰ ਰੋਜ਼ਗਾਰ ਦੇਣ ਦਾ ਜੋ ਵਾਅਦਾ ਕੀਤਾ ਸੀ, ਉਸਨੂੰ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕਾਫ਼ੀ ਹੱਦ ਤੱਕ ਪੂਰਾ ਕੀਤਾ ਗਿਆ ਹੈ ਅਤੇ ਨੌਜਵਾਨਾਂ ਨੂੰ ਚਾਹੇ ਪ੍ਰਾਈਵੇਟ ਸੈਕਟਰ ਹੋਵੇ ਜਾਂ ਸਰਕਾਰੀ ਖੇਤਰ ਵਿੱਚ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਵਿਖੇ 117 ਨਰਸਾਂ ਨੂੰ ਨਿਯੁਕਤੀ ਪੱਤਰ ਵੰਡਣ ਸਮੇਂ ਕੀਤਾ।
ਸ੍ਰੀ ਸੋਨੀ ਨੇ ਦੱਸਿਆ ਕਿ ਤਿੰਨੇ ਮੈਡੀਕਲ ਕਾਲਜਾਂ ਵਿੱਚ ਖਾਲੀ ਪਈ ਆਸਾਮੀਆਂ ਨੂੰ ਭਰਿਆ ਜਾ ਰਿਹਾ ਹੈ ਅਤੇ ਨਵੀਆਂ ਆਸਾਮੀਆਂ ਵੀ ਪੁਨਰ ਸੁਰਜੀਤ ਕੀਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਮੈਡੀਕਲ ਕਾਲਜਾਂ ਵਿੱਚ 900 ਦੇ ਕਰੀਬ ਨਰਸਾਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਨਾਂ ਵਿਚੋਂ 311 ਨਰਸਾਂ ਨੂੰ ਪਹਿਲਾਂ ਹੀ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ ਅਤੇ 470 ਨਰਸਾਂ ਦੀ ਪ੍ਰਕਿਰਿਆ ਚਲ ਰਹੀ ਹੈ। ਉਨਾਂ ਦੱਸਿਆ ਕਿ ਅੱਜ 117 ਨਰਸਾਂ ਦੇ ਕਾਗਜ਼ਾਤ ਮੁਕੰਮਲ ਹੋਣ ਤੇ ਉਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਹਨ ਅਤੇ ਬਾਕੀ ਰਹਿੰਦੇ ਨਰਸਾਂ ਨੂੰ ਵੀ ਕਾਗਜ਼ਾਤ ਮੁਕੰਮਲ ਹੋਣ ਤੇ ਅਗਲੇ ਹਫ਼ਤੇ ਤੱਕ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ।
ਸ੍ਰੀ ਸੋਨੀ ਨੇ ਦੱਸਿਆ ਕਿ 145 ਲੈਬ ਤਕਨੀਸ਼ਨਾਂ ਦੀ ਭਰਤੀ ਪ੍ਰਕਿਰਿਆ ਵੀ ਮੁਕੰਮਲ ਹੋ ਚੁੱਕੀ ਹੈ ਅਤੇ ਉਨਾਂ ਨੂੰ ਵੀ ਜਲਦ ਹੀ ਨਿਯੁਕਤੀ ਪੱਤਰ ਸੌਂਪ ਦਿੱਤੇ ਜਾਣਗੇ। ਸ੍ਰੀ ਸੋਨੀ ਨੇ ਦੱਸਿਆ ਕਿ ਸਰਕਾਰ ਵਲੋਂ ਸਾਰੇ ਵਿਭਾਗਾਂ ਵਿੱਚ ਭਰਤੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਰੋਜ਼ਾਨਾ ਅਖ਼ਬਾਰਾਂ ਵਿੱਚ ਭਰਤੀ ਦੇ ਇਸ਼ਤਿਹਾਰ ਜਾਰੀ ਹੋ ਰਹੇ ਹਨ। ਉਨਾਂ ਕਿਹਾ ਕਿ ਹਰੇਕ ਵਿਭਾਗ ਵਿੱਚ ਖਾਲੀ ਪਈ ਆਸਾਮੀਆਂ ਨੂੰ ਪੁਰ ਕੀਤਾ ਜਾਵੇਗਾ। ਸ੍ਰੀ ਸੋਨੀ ਨੇ ਡਾਕਟਰੀ ਸਿੱਖਿਆ ਵਿਭਾਗ ਦੀ ਗੱਲ ਕਰਦਿਆਂ ਕਿਹਾ ਕਿ ਤਿੰਨੇ ਮੈਡੀਕਲ ਕਾਲਜਾਂ ਵਿੱਚ ਸਟਾਫ਼ ਨਰਸ ਦੀਆਂ ਆਸਾਮੀਆਂ 600 ਤੋਂ ਵੱਧਾ ਕੇ 1200 ਕੀਤੀਆਂ ਹਨ ਅਤੇ ਹੋਰ ਪਈਆਂ ਖਾਲੀ ਆਸਾਮੀਆਂ ਨੂੰ ਵੀ ਜਲਦ ਹੀ ਭਰ ਦਿੱਤਾ ਜਾਵੇਗਾ। ਸ੍ਰੀ ਸੋਨੀ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਾਡੇ ਡਾਕਟਰਾਂ /ਪੈਰਾਮੈਡੀਕਲ ਸਟਾਫ ਵਲੋਂ ਬਹੁਤ ਹੀ ਵਧੀਆ ਕੰਮ ਕੀਤਾ ਗਿਆ ਹੈ। ਉਨਾਂ ਡਾਕਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨਾਂ ਦੀ ਬਦੋਲਤ ਹੀ ਅਸੀਂ ਕੋਰੋਨਾ ਮਹਾਂਮਾਰੀ ਤੋਂ ਬੱਚ ਸਕੇ ਹਾਂ।
ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ ਸਾਰੀ ਭਰਤੀ ਦੀ ਪ੍ਰਕਿਰਿਆ ਮੈਰਿਟ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਅਤੇ ਇਸ ਭਰਤੀ ਪ੍ਰਕਿਰਿਆ ਵਿੱਚ ਭਾਈ-ਭਤੀਜਾਵਾਦ ਨੂੰ ਖ਼ਤਮ ਕੀਤਾ ਗਿਆ ਹੈ। ਸ੍ਰੀ ਸੋਨੀ ਨੇ ਕਿਹਾ ਕਿ ਸਾਰੀ ਭਰਤੀ ਪ੍ਰਕਿਰਿਆ ਦੌਰਾਨ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰ ਕੇ ਮੈਰਿਟ ਤੇ ਆਉਣ ਵਾਲੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਸ੍ਰੀ ਸੋਨੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਪਹਿਲੇ ਹੀ ਸਾਲ ਤੋਂ ਮੁੱਖ ਉਦੇਸ਼ ਸਿੱਖਿਆ ਅਤੇ ਸਿਹਤ ਨੂੰ ਉੱਪਰ ਚੁੱਕਣਾ ਸੀ। ਉਨਾਂ ਕਿਹਾ ਕਿ ਇਨਾਂ ਦੋਵਾਂ ਕੰਮਾਂ ਵਿੱਚ ਸਾਡੀ ਸਰਕਾਰ ਕਾਮਯਾਬ ਹੋਈ ਹੈ। ਉਨਾਂ ਕਿਹਾ ਕਿ ਚਾਹੇ ਸਿੱਖਿਆ ਦਾ ਖੇਤਰ ਹੋਵੇ, ਉਸ ਵਿੱਚ ਵੀ ਪੰਜਾਬ ਦੇ ਸਾਰੇ ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਵਿਕਸਿਤ ਕੀਤਾ ਗਿਆ ਹੈ ਅਤੇ ਉਥੇ ਹੀ ਸਿਹਤ ਦੇ ਖੇਤਰ ਵਿੱਚ ਸਾਰੇ ਸਰਕਾਰ ਹਸਪਤਾਲਾਂ ਨੂੰ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਗਿਆ ਹੈ। ਸ੍ਰੀ ਸੋਨੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਹਸਪਤਾਲ ਦੇ ਡਾਕਟਰਾਂ ਵਲੋਂ 24 ਘੰਟੇ ਆਪਣੀ ਡਿਊਟੀ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਕਰਕੇ ਅਸੀਂ ਸਾਰੇ ਇਸ ਮਹਾਂਮਾਰੀ ਤੋਂ ਬੱਚ ਸਕੇ ਹਾਂ।
ਇਸ ਮੌਕੇ ਸ੍ਰੀਮਤੀ ਸੁਜਾਤਾ ਸ਼ਰਮਾ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ, ਸ੍ਰੀਮਤੀ ਰੂਹੀ ਡੱਗ ਵਧੀਕ ਡਿਪਟੀ ਕਮਿਸ਼ਨਰ, ਡਾ. ਰਾਜੀਵ ਦੇਵਗਨ ਪ੍ਰਿੰਸੀਪਲ ਮੈਡੀਕਲ ਕਾਲਜ, ਡਾ. ਕੇ.ਡੀ. ਸਿੰਘ, ਕੌਂਸਲਰ ਸ੍ਰੀ ਵਿਕਾਸ ਸੋਨੀ ਤੋਂ ਇਲਾਵਾ ਹੋਰ ਵੀ ਡਾਕਟਰ ਹਾਜ਼ਰ ਸਨ।