ਘਰੌਂਡਾ (ਕਰਨਾਲ) ਵਿਖੇ ਕਿਸਾਨਾਂ ਉੱਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਵਹਿਸ਼ੀਆਨਾ ਲਾਠੀਚਾਰਜ ਦੀ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ
ਚੰਡੀਗੜ੍ਹ 28 ਅਗਸਤ (ਵਿਸ਼ਵ ਵਾਰਤਾ) ਅੱਜ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਦੀ ਕਰਨਾਲ ਵਿਖੇ ਕੀਤੀ ਜਾਣ ਵਾਲੀ ਮੀਟਿੰਗ ਕਾਮਯਾਬ ਕਰਨ ਲਈ ਹਰਿਆਣਾ ਪੁਲਿਸ ਵੱਲੋਂ ਘਰੌਂਡਾ ਟੌਲ ਪਲਾਜ਼ਾ ਵਿਖੇ ਕਾਫੀ ਸਮੇਂ ਤੋਂ ਧਰਨਾ ਦੇ ਰਹੇ ਸ਼ਾਂਤਮਈ ਕਿਸਾਨਾਂ ਉੱਤੇ ਬਿਨਾਂ ਕਿਸੇ ਭੜਕਾਹਟ ਤੋਂ ਵਹਿਸ਼ੀਆਨਾ ਲਾਠੀਚਾਰਜ ਕਰਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਇਹ ਸੱਦਾ ਵੀ ਦਿੱਤਾ ਗਿਆ ਹੈ ਕਿ ਇਸ ਵਹਿਸ਼ੀ ਕਾਰੇ ਵਿਰੁੱਧ ਰੋਸ ਵਜੋਂ ਪੱਕੇ ਧਰਨਿਆਂ ਵਿੱਚ ਜਾਂ ਫਿਰ ਪਿੰਡ ਪਿੰਡ ਭਾਜਪਾ ਖੱਟੜ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣ। ਉਨ੍ਹਾਂ ਦੱਸਿਆ ਕਿ ਫਰੀਦਕੋਟ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਕੁੱਝ ਪਿੰਡਾਂ ਵਿੱਚ ਅੱਜ ਵੀ ਅਰਥੀਆਂ ਫੂਕੀਆਂ ਗਈਆਂ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਦਰਜਨਾਂ ਦੀ ਗਿਣਤੀ ਵਿੱਚ ਗੰਭੀਰ ਜ਼ਖ਼ਮੀ ਕੀਤੇ ਗਏ ਕਿਸਾਨਾਂ ਦਾ ਸਹੀ ਅਤੇ ਮੁਫ਼ਤ ਇਲਾਜ ਦਾ ਪ੍ਰਬੰਧ ਤੁਰੰਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਭਲ਼ਕੇ ਵੀ ਇਹ ਰੋਸ ਪ੍ਰਦਰਸ਼ਨ ਵੱਡੀ ਪੱਧਰ ‘ਤੇ ਕੀਤੇ ਜਾਣਗੇ।