ਜਲੰਧਰ, 24 ਨਵੰਬਰ (ਲਵਲੀ ਨਾਰੰਗ)-ਸਰਕਾਰ ਵਲੋਂ ਗੰਨੇ ਦਾ ਮੁੱਲ ਸਾਢੇ ਤਿੰਨ ਸੌ ਰੁਪੈ ਪ੍ਰਤੀ ਕੁਵਿੰਟਲ ਨਾ ਕਰਨ ਦੇ ਵਿਰੋਧ ਵਿੱਚ 27 ਨਵੰਬਰ ਨੂੰ ਕਿਸਾਨ ਵਿਧਾਨ ਸਭਾ ਨੂੰ ਨੰਗੇ ਪਿੰਡੇ ਘੇਰਨਗੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਨੁਮਾਦਿਆਂ ਨੇ ਕੀਤਾ ਹੈ।
ਉਹਨਾਂ ਕਿਹਾ ਕਿਹਾ ਕਿ ਸਰਕਾਰ ਦੇ ਭਰੋਸਿਆਂ ਤੋਂ ਕਿਸਾਨ ਹੁਣ ਅੱਕ ਚੁੱਕੇ ਹਨ । ਉਹਨਾਂ ਕਿਹਾ ਕਿ 9 ਤਾਰੀਖ ਨੂੰ ਅਸੀ ਐਲਾਨ ਕੀਤਾ ਸੀ ਕਿ ਕਿਸਾਨ ਸਰਕਾਰ ਦੇ ਵਿਰੋਧ ਵਿੱਚ 15 ਨਵੰਬਰ ਨੂੰ ਜਲੰਧਰ-ਫਗਵਾੜਾ ਚਹੇੜੂ ਪੁਲ੍ਹ ਤੇ ਨੈਸ਼ਨਲ ਹਾਈਵੇਅ ਨੂੰ ਜਾਮ ਕਰਨਗੇ । ਇਸ ਤੋਂ ਬਾਅਦ ਡੀਸੀ ਵਲੋਂ ਸਾਡੀ ਜੱਥੇਬੰਦੀ ਨਾਲ ਮੀਟਿੰਗ ਕੀਤੀ ਉਹਨਾਂ ਕਿਹਾ ਕਿ ਸੀਐਮ ਸਾਹਿਬ ਤਹਾਨੂੰ ਮਿਲਣਾ ਚਾਹੁੰਦੇ ਹਨ ਪਰ ਚੰਡੀਗੜ੍ਹ ਵਿਖੇ ਜੱਥੇਬੰਦੀ ਨਾਲ ਅਡੀਸ਼ਨਲ ਚੀਫ਼ ਸੈਕਟਰੀ ਨੇ ਮੀਟਿੰਗ ਕੀਤੀ ਤੇ ਕਿਹਾ ਕਿ ਸਰਕਾਰ ਦੇ ਕੋਲ ਕੁਝ ਨਹੀਂ ਹੈ ਅਤੇ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੀ । ਉਹਨਾ ਕਿਹਾ ਕਿ ਜਿਸ ਤੋਂ ਬਾਅਦ ਜੱਥੇਬੰਦੀ ਨੇ ਫੈਸਲਾ ਕੀਤਾ ਕਿ ਭੁੱਖੀ ਨੰਗੀ ਸਰਕਾਰ ਵਿਰੁੱਧ ਨੰਗੇ ਪਿੰਡੇ ਹੀ 27 ਤਾਰੀਖ ਨੂੰ ਵਿਧਾਨ ਸਭਾ ਦੇ ਬਾਹਰ ਘੇਰਨਗੇ।ਜਿਸ ਦੀ ਿਜੰਮੇਵਾਰੀ ਸਰਕਾਰ ਦੀ ਹੋਵੇਗੀ ।
ਮਨਜੀਤ ਸਿੰਘ ਰਾਏ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਗੁਆਢੀ ਸੂਬਾ ਹਰਿਆਣਾ ਪੰਜਾਬ ਨਾਲੋ ਵੱਧ ਰੇਟ ਗੰਨੇ ਦੇ ਕਿਸਾਨਾਂ ਨੂੰ ਦੇ ਰਿਹਾ ਹੈ । ਹੁਣ ਹਰਿਆਣਾ ਨੇ 330 ਰੁਪੈ ਪ੍ਰਤੀ ਕੁਵਿੰਟਲ ਰੇਟ ਨਿਧਾਰਿਤ ਕੀਤਾ ਹੈ ਜੋ ਪਿਛਲੇ ਸਾਲ ਨਾਲੋਂ ਦਸ ਰੁਪੈ ਵੱਧ ਹੈ। ਪਰ ਪੰਜਾਬ ਸਰਕਾਰ ਹਰ ਵਾਰ ਕਿਸਾਨਾਂ ਨਾਲ ਧੱਕਾ ਕਰਦੀ ਆਈ ਹੈ ।
ਇਸ ਮੌਕੇ ਹਰਸਬਿੰਦਰ ਸਿੰਘ, ਬਲਵਿੰਦਰ ਸਿੰਘ ਮੱਲੀ ਨੰਗਲ, ਬਲਵਿੰਦਰ ਸਿੰਘ ਰਾਜੂ, ਹਰਜਿੰਦਰ ਸਿੰਘ ਦੂੜਾ, ਸਤਨਾਮ ਸਿੰਘ ਸਾਹਨੀ, ਗੁਰਬਖਸ਼ ਸਿੰਘ ਨੋਗੰਜਾ, ਸੁਖਪਾਲ ਸਿੰਘ ਆਦਿ ਹਾਜ਼ਰ ਸਨ!