ਗ੍ਰੰਥੀ ਦਾ ਮੂੰਹ ਕਾਲਾ ਕਰਕੇ ਕੁੱਟਮਾਰ ਅਤੇ ਜਬਰਦਸਤੀ ਪਿਸ਼ਾਬ ਪਿਆਉਣ ਦੀ ਘਿਨੌਣੀ ਕੋਸ਼ਿਸ ਬੇਹੱਦ ਸ਼ਰਮਨਾਕ ਘਟਨਾ: ਦਵਿੰਦਰ ਸਿੰਘ ਸੋਢੀ
ਮਲੇਰਕੋਟਲਾ 19 ਅਗਸਤ 2022(ਵਿਸ਼ਵ ਵਾਰਤਾ)–ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਅਤੇ ਪਾਰਟੀ ਦੇ ਬੁਲਾਰੇ ਦਵਿੰਦਰ ਸਿੰਘ ਸੋਢੀ ਮਲੇਰਕੋਟਲਾ ਦੇ ਪਿੰਡ ਅਬੁਦਲਾਪੁਰ ਚੁਹਾਣੇ ਵਿੱਚ ਦਲਿਤ ਭਾਈਚਾਰੇ ਨਾਲ ਸਬੰਧਤ ਸ਼੍ਰੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਾਲ ਕੀਤੀ ਗਈ
ਕੁੱਟਮਾਰ ਅਤੇ ਮੂੰਹ ਕਾਲਾ ਕਰਕੇ ਜਬਰਦਸਤੀ ਪਿਸ਼ਾਬ ਪਿਆਉਣ ਦੀ ਕੀਤੀ ਗਈ ਘਿਨੌਣੀ ਅਤੇ ਸ਼ਰਮਨਾਕ ਕੋਸ਼ਿਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸੋਢੀ ਨੇ ਇਸ ਮਾਮਲੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀਆਂ ਵਿਰੁਧ ਪੰਥਕ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇੱਥੇ ਜਾਰੀ ਬਿਆਨ ਵਿੱਚ ਸੋਢੀ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਮਾਜ ਵਿੱਚੋਂ ਜਾਤ-ਪਾਤ ਦਾ ਕੋਹੜ ਕੱਢ ਦਿੱਤਾ ਸੀ ਅਤੇ ਦਲਿਤ ਭਾਈਚਾਰੇ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਿਹਾ ਕਿ ਸੰਬੋਧਨ ਕੀਤਾ,ਪ੍ਰੰਤੂ ਅੱਜ ਵੀ ਕਈ ਥਾਵਾਂ ਤੇ ਦਲਿਤਾਂ ਭਾਈਚਾਰੇ ਨਾਲ ਗਲਤ ਸਲੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਉਹਨਾਂ ਨੇ ਸਭ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਇਆਂ ਹੈ। ਸ. ਸੋਢੀ ਨੇ ਅੱਗੇ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਵਿੱਚ ਦਲਿਤ ਭਾਈਚਾਰੇ ਦੀ ਭਲਾਈ ਲਈ ਅਨੇਕਾਂ ਜਥੇਬੰਦੀਆਂ ਕੰਮ ਕਰਨ ਦਾ ਦਾਅਵਾ ਕਰਦੀਆ ਹਨ ਪਰ ਕੋਈ ਵੀ ਦਲਿਤਾਂ ਦੇ ਨਾਲ ਸਮਾਜ ਵਿੱਚ ਹੋ ਰਹੇ ਗੈਰ ਇਖ਼ਲਾਕੀ ਧੱਕੇ ਦੇ ਵਿਰੁਧ ਆਵਾਜ਼ ਨਹੀਂ ਚੁੱਕਦਾ। ਸ. ਸੋਢੀ ਨੇ ਪਿਛਲੇ ਦਿਨੀਂ ਰਾਜਸਥਾਨ ਵਿੱਚ ਇੱਕ ਅਧਿਆਪਕ ਵੱਲੋਂ ਦਲਿਤ ਬੱਚੇ ਨਾਲ ਕੀਤੀ ਕੁੱਟਮਾਰ ਤੋਂ ਬਾਅਦ ਬੱਚੇ ਦੀ ਹੋਈ ਮੋਤ ਦੀ ਮੰਦਭਾਗੀ ਘਟਨਾ ਦਾ ਵੀ ਜਿਕਰ ਕੀਤਾ ਅਤੇ ਕਿਹਾ ਕਿ ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਦਲਿਤਾਂ ਵਿਰੁਧ ਵਾਪਰ ਰਹੀਆਂ ਅਜਿਹੀ ਘਟਨਾਵਾਂ ਕਿਸੇ ਵੀ ਹਾਲ ਵਿੱਚ ਬਰਦਾਸ਼ਤ ਤੋਂ ਬਾਹਰ ਹਨ। ਉਹਨਾਂ ਕਿਹਾ ਕਿ ਦਲਿਤ ਭਾਈਚਾਰੇ ਨੂੰ ਜਾਤ-ਪਾਤ ਦੇ ਵਿਰੁਧ ਕਾਨੂੰਨੀ ਅਤੇ ਸਮਾਜਿਕ ਤੌਰ ਤੇ ਲੜਾਈ ਲੜਨ ਲਈ ਇੱਕਮੁੱਠ ਹੋਣਾ ਚਾਹੀਦਾ ਹੈ।