ਗ੍ਰਹਿ ਮੰਤਰੀ ਅਮਿਤ ਸ਼ਾਹ 3 ਦਿਨਾ ਜੰਮੂ-ਕਸ਼ਮੀਰ ਦੇ ਦੌਰੇ ‘ਤੇ
ਅੱਤਵਾਦੀ ਸੰਗਠਨ ਪੀਏਐਫਐਫ ਨੇ ਦੌਰੇ ਤੋਂ ਪਹਿਲਾਂ ਡੀਜੀ ਹੇਮੰਤ ਲੋਹੀਆ ਦੀ ਘਰ ਦੇ ਅੰਦਰ ਹੀ ਕੀਤੀ ਹੱਤਿਆ; ਗ੍ਰਹਿ ਮੰਤਰੀ ਨੂੰ ਵੀ ਦਿੱਤੀ ਧਮਕੀ
ਚੰਡੀਗੜ੍ਹ,4 ਅਕਤੂਬਰ(ਵਿਸ਼ਵ ਵਾਰਤਾ)- ਦੇਸ਼ ਦੇ ਗ੍ਰਹਿ ਮੰਤਰੀ ਅਮਿੋਤ ਸ਼ਾਹ ਅੱਜ ਆਪਣੇ ਤਿੰਨ ਦਿਨਾਂ ਦੇ ਜੰਮੂ-ਕਸ਼ਮੀਰ ਦੌਰੇ ਤੇ ਕਟੜਾ ਵਿਖੇ ਵੈਸ਼ਨੋ ਦੇਵੀ ਮੰਦਰ ਪਹੁੰਚ ਗਏ ਹਨ। ਇੱਥੇ ਉਹਨਾਂ ਵੱਲੋਂ ਪੂਜਾ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਵੀ ਮੌਜੂਦ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੰਮੂ-ਕਸ਼ਮੀਰ ਫੇਰੀ ਦੌਰਾਨ ਡੀਜੀ ਜੇਲ (ਡਾਇਰੈਕਟਰ ਜਨਰਲ ਆਫ ਜੇਲ) ਹੇਮੰਤ ਲੋਹੀਆ ਦੀ ਬੀਤੀ ਦੇਰ ਰਾਤ ਅੱਤਵਾਦੀਆਂ ਨੇ ਉਨ੍ਹਾਂ ਦੇ ਘਰ ‘ਚ ਹੀ ਹੱਤਿਆ ਕਰ ਦਿੱਤੀ। ਕਤਲ ਤੋਂ ਬਾਅਦ ਡੀਜੀ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਸ ਦੇ ਆਪਣੇ ਨੌਕਰ ਯਾਸਿਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਅੱਤਵਾਦੀ ਉਹਨਾਂ ਦੇ ਘਰ ਵਿੱਚ ਨੌਕਰ ਬਣ ਕੇ ਰਹਿ ਰਿਹਾ ਸੀ।
ਅੱਤਵਾਦੀ ਸੰਗਠਨ ਪੀਪਲਜ਼ ਐਂਟੀ ਫਾਸੀਿਸਟ ਫਰੰਟ (ਪੀਏਐਫਐਫ) ਨੇ ਕਰੀਬ 10 ਘੰਟੇ ਬਾਅਦ ਅੱਜ ਸਵੇਰੇ ਲੋਹੀਆ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਪੀਏਐਫਐਫ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ। ਇਹ ਸੰਗਠਨ ਜੈਸ਼ ਨਾਲ ਜੁੜਿਆ ਹੋਇਆ ਹੈ। ਇਸ ਨੇ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਗ੍ਰਹਿ ਮੰਤਰੀ ਨੂੰ ਇਹ ਸਾਡਾ ਛੋਟਾ ਤੋਹਫਾ ਹੈ। ਅਸੀਂ ਕਿਸੇ ਵੀ ਸਮੇਂ, ਕਿਤੇ ਵੀ ਕਿਸੇ ਨੂੰ ਵੀ ਮਾਰ ਸਕਦੇ ਹਾਂ।