ਗੋਲਡੀ ਬਰਾੜ ਦੇ ਭਰਾ ਦੇ ਕਤਲ ਕੇਸ ਵਿੱਚ ਚੰਡੀਗੜ੍ਹ ਪੁਲਿਸ ਨੇ ਇਸ ਗੈਂਗਸਟਰ ਦਾ ਮੰਗਿਆ ਰਿਮਾਂਡ
ਚੰਡੀਗੜ੍ਹ 25 ਨਵੰਬਰ(ਵਿਸ਼ਵ ਵਾਰਤਾ)- ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਮੁਲਜ਼ਮ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੇ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਰੋਧੀ ਦਵਿੰਦਰ ਬੰਬੀਹਾ ਗੈਂਗ ਦੇ ਮੈਂਬਰ ਅਤੇ ਗੈਂਗਸਟਰ ਨੀਰਜ ਚਸਕਾ ਦੇ ਰਿਮਾਂਡ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਚੰਡੀਗੜ੍ਹ ਪੁਲਿਸ ਵੱਲੋਂ ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਹੈ। ਦੱਸ ਦਈਏ ਕਿ ਗੋਲਡੀ ਦੇ ਭਰਾ ਗੁਰਲਾਲ ਬਰਾੜ ਦੀ ਸਾਲ 2020 ਵਿੱਚ ਇੰਡਸਟਰੀਅਲ ਏਰੀਆ, ਫੇਜ਼ 1 ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੁਰਲਾਲ ਦਾ 10 ਅਕਤੂਬਰ 2020 ਨੂੰ ਇੰਡਸਟਰੀਅਲ ਏਰੀਆ ਸਥਿਤ ਸਿਟੀ ਐਂਪੋਰੀਅਮ ਮਾਲ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਸੀ। ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗੈਂਗ ਨੇ ਲਈ ਸੀ। ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਨੀਰਜ ਚਸਕਾ ਫਰਾਰ ਸੀ। ਉਸ ਨੂੰ ਪੰਜਾਬ ਪੁਲਿਸ ਨੇ 29 ਸਤੰਬਰ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਸੀ। ਚੰਡੀਗੜ੍ਹ ਪੁਲੀਸ ਹੁਣ ਤੱਕ ਗੁਰਲਾਲ ਬਰਾੜ ਕਤਲ ਕੇਸ ਵਿੱਚ ਗੁਰਵਿੰਦਰ ਸਿੰਘ ਉਰਫ਼ ਢਾਡੀ, ਗੁਰਮੀਤ ਸਿੰਘ ਉਰਫ਼ ਗੀਤਾ, ਦਿਲਪ੍ਰੀਤ ਸਿੰਘ ਉਰਫ਼ ਬਾਬਾ ਅਤੇ ਚਮਕੌਰ ਸਿੰਘ ਉਰਫ਼ ਬੰਤ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਗਈ ਹੈ। ਗੁਰਲਾਲ ਪੰਜਾਬ ਦੇ ਫਰੀਦਕੋਟ ਦੇ ਜੈਤੋ ਦਾ ਰਹਿਣ ਵਾਲਾ ਸੀ।
ਨੀਰਜ ਚਸਕਾ ਨੂੰ ਹਾਲ ਹੀ ਵਿੱਚ ਚੰਡੀਗੜ੍ਹ ਦੀ ਮਲੋਆ ਪੁਲਿਸ ਨੇ ਬਾਊਂਸਰ ਤੋਂ ਫਾਈਨਾਂਸਰ ਬਣੇ ਸੁਰਜੀਤ ਕਤਲ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਸੀ। ਉਸ ਦਾ ਪੰਜ ਦਿਨ ਦਾ ਰਿਮਾਂਡ ਖਤਮ ਹੋ ਗਿਆ ਹੈ।