ਗੋਬਿੰਦਵਾਲ ਜੇਲ੍ਹ ਗੈਂਗਵਾਰ ਦੌਰਾਨ ਮਾਰੇ ਗਏ ਮਨਮੋਹਣ ਸਿੰਘ ਮੋਹਣਾ ਦਾ ਹੋਇਆ ਸਸਕਾਰ
ਮਾਨਸਾ 28 ਫਰਵਰੀ(ਵਿਸ਼ਵ ਵਾਰਤਾ)- ਗੋਬਿੰਦਵਾਲ ਜੇਲ੍ਹ ਝੜਪ ਵਿੱਚ ਮਾਰੇ ਗਏ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲੀ ਦੇ ਮਨਮੋਹਨ ਸਿੰਘ ਮੋਹਣਾ ਦਾ ਅੱਜ ਬਾਅਦ ਦੁਪਹਿਰ ਸਸਕਾਰ ਕਰ ਦਿੱਤਾ ਗਿਆ।ਉਹ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਕਤਲ ਨੂੰ ਲੈਕੇ ਗੋਬਿੰਦਵਾਲ ਜੇਲ੍ਹ ਵਿਚ ਬੰਦ ਸੀ।
ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਬੀਤੀ ਰਾਤ ਬੁਢਲਾਡਾ ਦੇ ਸਿਵਲ ਹਸਪਤਾਲ ਵਿਖੇ ਰੱਖੀ ਮਿ੍ਤਕ ਦੇਹ ਲੈਕੇ ਨੂੰ ਲੈਕੇ ਅੱਜ ਜਦੋਂ ਪਿੰਡ ਵਿੱਚ ਪੁੱਜੇ ਤਾਂ ਮਾਹੌਲ ਗ਼ਮਗੀਨ ਹੋ ਗਿਆ। ਧਾਰਮਿਕ ਅਤੇ ਸਮਾਜਿਕ ਰਸਮਾਂ ਤੋਂ ਬਾਅਦ ਪਰਿਵਾਰ ਅਤੇ ਰਿਸ਼ਤੇਦਾਰਾਂ ਵਲੋਂ ਸਸਕਾਰ ਕੀਤਾ ਗਿਆ।ਉਹ ਆਪਣੇ ਪਿੱਛੇ ਮਾਤਾ ਪਿਤਾ, ਪਤਨੀ ਤੋਂ ਇਲਾਵਾ ਦੋ ਛੋਟੇ ਬੱਚਿਆਂ ਨੂੰ ਛੱਡ ਗਿਆ ਹੈ।
ਪਰਿਵਾਰ ਵਲੋਂ ਉਸ ਦੀ ਮਾਤਾ ਨੇ ਕਿਹਾ ਕਿ ਪੁਲੀਸ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਉਸ ਦੇ ਪੁੱਤ ਨੂੰ ਗ਼ਲਤ ਫਸਾਇਆ ਗਿਆ ਹੈ ਅਤੇ ਉਨ੍ਹਾਂ ਦੀ ਪੰਜਾਬੀ ਗਾਇਕ ਨਾਲ ਬਹੁਤ ਨੇੜਤਾ ਸੀ। ਉਨ੍ਹਾਂ ਮੰਗ ਕੀਤੀ ਕਿ ਗੋਬਿੰਦਵਾਲ ਜੇਲ੍ਹ ਦੇ ਸੁਪਰਡੈਂਟ ਉਤੇ ਪੰਜਾਬ ਸਰਕਾਰ ਨੂੰ ਕਤਲ ਦਾ ਮੁਕੱਦਮਾ ਦਰਜ਼ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਪੁੱਤਰ ਦਾ ਜੇਲ੍ਹ ਵਿਚ ਯੋਜਨਾਬੱਧ ਤਰੀਕੇ ਨਾਲ ਕ਼ਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਗੈਂਗਸਟਰ ਨਹੀਂ ਸੀ, ਸਗੋਂ ਉਹ ਇੱਕ ਸਮਾਜ ਸੇਵੀ ਸੀ, ਜੋ ਪਿੰਡ ਵਿੱਚ ਟੂਰਨਾਮੈਂਟ ਕਰਾਉਂਦਾ ਸੀ, ਅੱਖਾਂ ਦੇ ਕੈਂਪ, ਮੈਡੀਕਲ ਕੈਂਪ, ਧੀਆਂ ਦੀ ਲੋਹੜੀ ਹਰ ਸਾਲ ਮਨਾਉਂਦਾ ਸੀ।