ਪੰਜਾਬ ‘ਚ ਗੈਂਗਸਟਰਾਂ ਦੇ ਹੌਂਸਲੇ ਬੁਲੰਦ
ਗੈਂਗ ਨਾਲ ਜੁੜਨ ਲਈ ਵਰਗਲਾ ਰਹੇ ਨੇ ਗੈਂਗਸਟਰ; ਸ਼ਾਮਲ ਹੋਣ ਲਈ ਫੇਸਬੁੱਕ ਤੇ ਪੋਸਟ ਪਾ ਕੇ ਵਟਸਐਪ ਨੰਬਰ ਕੀਤਾ ਜਾਰੀ
ਚੰਡੀਗੜ੍ਹ,23 ਸਤੰਬਰ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਦਿਲ ਕੰਬਾਉਣ ਵਾਲੀ ਘਟਨਾ ਤੋਂ ਬਾਅਦ ਪੰਜਾਬ ਵਿੱਚ ਲਗਾਤਾਰ ਗੈਂਗਸਟਰਾਂ ਵੱਲੋਂ ਸ਼ਰੇਆਮ ਸੋਸ਼ਲ ਮੀਡੀਆ ਅਤੇ ਹੋਰ ਤਰੀਕਿਆਂ ਨਾਲ ਦੂਜੇ ਗੈਂਗਸਟਰਾਂ ਅਤੇ ਸਿਆਸੀ ਤੇ ਸੰਗੀਤ ਜਗਤ ਨਾਲ ਜੁੜੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਵਿਚਾਲੇ ਹੁਣ ਇੱਕ ਹੋਰ ਫੇਸਬੁੱਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਇਹ ਪੋਸਟ ਦਵਿੰਦਰ ਬੰਬੀਹਾ ਗਰੁੱਪ ਦੇ ਨਾਮ ਤੋਂ ਪਾਈ ਗਈ ਹੈ। ਨੌਜਵਾਨਾਂ ਨੂੰ ਆਪਣੇ ਗੈਂਗ ਨਾਲ ਜੋੜਨ ਲਈ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਲਿਖ ਕੇ ਵਟਸਐਪ ਨੰਬਰ ਜਾਰੀ ਕੀਤਾ ਹੈ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਇੱਕ ਪੋਸਟ ਪਾਈ ਗਈ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਭਰਾ ਗੈਂਗ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਵਟਸਐਪ ਕਰਨ। 77xxx-xxx56 ਇਹ ਨੰਬਰ ਗੈਂਗਸਟਰਾਂ ਵੱਲੋਂ ਫੇਸਬੁੱਕ ‘ਤੇ ਜਾਰੀ ਕੀਤਾ ਗਿਆ ਹੈ।
ਜਿਸ ਤਰ੍ਹਾਂ ਗੈਂਗਸਟਰ ਫੇਸਬੁੱਕ ਆਦਿ ‘ਤੇ ਸ਼ਰੇਆਮ ਨੰਬਰ ਜਾਰੀ ਕਰ ਰਹੇ ਹਨ ਅਤੇ ਪੰਜਾਬ ਪੁਲਸ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ। ਇਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਵਾਲ ਚੁੱਕੇ ਜਾਣੇ ਸੁਭਾਵਿਕ ਹਨ। ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਪੰਜਾਬ ਨਾਲ ਜੁੜੇ ਇਹਨਾਂ ਗੈਂਗਸਟਰਾਂ ਦੇ ਗੁਰਗੇ ਪੰਜਾਬ, ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਸਰਗਰਮ ਹਨ ਅਤੇ ਸਮੇਂ ਸਮੇਂ ਤੇ ਵੱਖ ਵੱਖ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।