ਗੈਂਗਸਟਰ ਸੰਦੀਪ ਬਿਸ਼ਨੋਈ ਦੇ ਕਤਲ ਦੀ ਬੰਬੀਹਾ ਗੈਂਗ ਨੇ ਲਈ ਜਿੰਮੇਵਾਰੀ
ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਵਿੱਚ ਕੀਤਾ ਗਿਆ ਵਾਧਾ
ਚੰਡੀਗੜ੍ਹ,20 ਸਤੰਬਰ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਰਾਜਸਥਾਨ ‘ਚ ਦਿਨ-ਦਿਹਾੜੇ ਇੱਕ ਗੈਂਗਸਟਰ ਨੂੰ ਗੋਲੀਆਂ ਨਾਲ ਭੁੰਨਣ ਦੀ ਘਟਨਾ ਨੇ ਪੁਲਿਸ ਅਤੇ ਕਾਨੂੰਨ ਵਿਵਸਥਾ ‘ਤੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ‘ਚ ਚੱਲ ਰਹੀ ਵੱਡੀ ਗੈਂਗ ਵਾਰ ‘ਚ ਰਾਜਸਥਾਨ ਦਾ ਨਾਂ ਕਿਤੇ ਨਾ ਕਿਤੇ ਜੁੜ ਰਿਹਾ ਹੈ। ਇਨ੍ਹਾਂ ‘ਚ ਹਾਲ ਹੀ ‘ਚ ਸਿੱਧੂ ਮੂਸੇਵਾਲਾ ਕਤਲ ਕਾਂਡ ਸਿਖਰ ‘ਤੇ ਹੈ।
ਹੁਣ ਨਾਗੌਰ ‘ਚ ਗੈਂਗਸਟਰ ਸੰਦੀਪ ਦੇ ਹੋਏ ਕਤਲ ਨੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਕਤਲੇਆਮ ਨੂੰ ਕਿਸ ਨੇ ਅੰਜ਼ਾਮ ਦਿੱਤਾ ਹੈ, ਇਸ ਬਾਰੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਜਾ ਰਿਹਾ ਹੈ ਪਰ ਸੋਮਵਾਰ ਰਾਤ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ। ਦੱਸਿਆ ਜਾਂਦਾ ਹੈ ਕਿ ਇਹ ਗਿਰੋਹ ਅਰਮੇਨੀਆ ਤੋਂ ਕੰਮ ਕਰਦਾ ਹੈ।
ਬੰਬੀਹਾ ਗਰੁੱਪ ਨੇ ਫੇਸਬੁੱਕ ‘ਤੇ ਪੋਸਟ ਕੀਤਾ ਹੈ ਕਿ ਅਸੀਂ ਕਤਲ ਕਰਵਾਇਆ ਹੈ। ਇਧਰ ਨਾਗੌਰ ਪੁਲਸ ਨੂੰ ਸੰਦੀਪ ਦੇ ਕਤਲ ‘ਚ ਦੀਪਤੀ ਗੈਂਗ ਦਾ ਸ਼ੱਕ ਹੈ। ਸੇਠੀ ਗੈਂਗ ਦੇ ਆਗੂ ਸੰਦੀਪ ਬਿਸ਼ਨੋਈ ਦੀ ਸੋਮਵਾਰ ਦੁਪਹਿਰ ਕਰੀਬ 1.20 ਵਜੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਿਸ ਤੋਂ ਬਾਅਦ ਸ਼ਹਿਰ ‘ਚ ਦਹਿਸ਼ਤ ਫੈਲ ਗਈ। ਪੁਲਿਸ ਸੋਮਵਾਰ ਦੇਰ ਸ਼ਾਮ ਤੱਕ ਮੁਲਜ਼ਮਾਂ ਦਾ ਸੁਰਾਗ ਨਹੀਂ ਲਗਾ ਸਕੀ ਸੀ। ਬੰਬੀਹਾ ਗਰੁੱਪ ਦੀ ਪੋਸਟ ਤੋਂ ਬਾਅਦ ਪੰਜਾਬ ਇੰਟੈਲੀਜੈਂਸ ਦੀ ਟੀਮ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਨਾਗੌਰ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।