ਗੈਂਗਸਟਰ ਸੁਖਪ੍ਰੀਤ ਬੁੱਢਾ ਮੋਗਾ ਦੀ ਅਦਾਲਤ ‘ਚ ਪੇਸ਼, 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜਿਆ
ਚੰਡੀਗੜ੍ਹ 20 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਬਦਨਾਮ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਸਖਤ ਸੁਰੱਖਿਆ ਹੇਠ ਮੋਗਾ ਅਦਾਲਤ ‘ਚ ਪੇਸ਼ ਕੀਤਾ ਗਿਆ। ਇੱਥੋਂ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਸੁਖਪ੍ਰੀਤ ਨੇ ਸਾਹਿਲ ਨਾਂ ਦੇ ਨੌਜਵਾਨ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਸਨ। ਇਸ ਮਾਮਲੇ ਵਿੱਚ ਸਿਟੀ ਸਾਊਥ ਪੁਲੀਸ ਨੇ ਸੁਖਪ੍ਰੀਤ ਨੂੰ 9 ਦਿਨਾਂ ਦੇ ਰਿਮਾਂਡ ’ਤੇ ਲਿਆ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ 20 ਨਵੰਬਰ 2021 ਨੂੰ ਸ਼ਹਿਰ ਦੇ ਅੰਗਦ ਪੁਰਾ ਮੁਹੱਲੇ ਦੇ ਰਹਿਣ ਵਾਲੇ ਸਾਹਿਲ ਕੁਮਾਰ ਜਿੰਦਲ ਦੀ ਸ਼ਿਕਾਇਤ ’ਤੇ ਏ ਕੈਟਾਗਰੀ ਦੇ ਗੈਂਗਸਟਰ ਸੁਖਪ੍ਰੀਤ ਬੁੱਢਾ ਸਮੇਤ ਉਸ ਦੇ ਦੋ ਸਾਥੀਆਂ ਨੀਰਜ ਸ਼ਰਮਾ ਉਰਫ ਵਿੱਕੀ ਬ੍ਰਾਹਮਣ ਅਤੇ ਰਾਜੇਸ਼ ਕੁਮਾਰ ਮੰਗਲਾ ਉਰਫ਼ ਸੋਨੀ ਮੰਗਲਾ ਖ਼ਿਲਾਫ਼ ਧਾਰਾ 384, 506,120ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਮੁਲਜ਼ਮ ਗੈਂਗਸਟਰ ਸੁਖਪ੍ਰੀਤ ਬੁੱਢਾ ਦੀ ਗ੍ਰਿਫ਼ਤਾਰੀ ਬਾਕੀ ਸੀ। ਜਿਸ ਕਾਰਨ ਅਦਾਲਤ ਤੋਂ ਮੁਲਜ਼ਮ ਦੇ ਪ੍ਰੋਡਕਸ਼ਨ ਵਾਰੰਟ ਹਾਸਲ ਕਰਨ ਮਗਰੋਂ ਉਸ ਨੂੰ ਦਿੱਲੀ ਦੀ ਮੰਡੋਲਾ ਜੇਲ੍ਹ ਤੋਂ ਲਿਆ ਕੇ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 9 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਸੀ।