ਗੈਂਗਸਟਰ ਵਿਰੋਧੀ ਟਾਸਕ ਫੋਰਸ ਪੂਰੀ ਹਰਕਤ ‘ਚ, ਧਰਮਿੰਦਰ ਭਿੰਦਾ ਕਤਲ ਕੇਸ ‘ਚ ਲੋੜੀਂਦੇ ਦੋ ਜਣੇ ਉਤਰਾਖੰਡ ਤੋਂ ਕਾਬੂ
ਪਟਿਆਲਾ, 15 ਅਪ੍ਰੈਲ(ਵਿਸ਼ਵ ਵਾਰਤਾ):-ਰਾਜ ‘ਚ ਅਮਨ ਸਾਂਤੀ ਬਣਾਈ ਰੱਖਣ ਤੇ ਗੈਂਗਸਟਰਾਂ ‘ਤੇ ਨਕੇਲ ਕਸਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਠਿਤ ਕੀਤੀ ਗੈਂਗਸਟਰ ਵਿਰੋਧੀ ਟਾਸਕ ਫੋਰਸ ਪੂਰੀ ਤਰ੍ਹਾਂ ਹਰਕਤ ‘ਚ ਆ ਗਈ ਹੈ। ਏ.ਜੀ.ਟੀ.ਐਫ. ਨੇ ਪਟਿਆਲਾ ਪੁਲਿਸ ਨਾਲ ਇੱਕ ਸਾਂਝੇ ਉਪਰੇਸ਼ਨ ‘ਚ, 6 ਅਪ੍ਰੈਲ 2022 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਧਰਮਿੰਦਰ ਸਿੰਘ ਭਿੰਦਾ ਦੇ ਕਤਲ ‘ਚ ਲੋੜੀਂਦੇ ਦੋ ਹੋਰ ਪ੍ਰਮੁੱਖ ਦੋਸ਼ੀਆਂ ਨੂੰ ਉਤਰਾਖੰਡ ਦੇ ਦੇਹਰਾਦੂਨ ਤੋਂ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ।
ਇਨ੍ਹਾਂ ਗ੍ਰਿਫ਼ਤਾਰੀਆਂ ਬਾਬਤ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਏ.ਡੀ.ਜੀ.ਪੀ. ਪ੍ਰਮੋਦ ਬਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੌਣ ਕਲਾਂ ਦੇ ਵਸਨੀਕ ਤੇ ਬਾਰਵੀਂ ਪਾਸ, 24 ਸਾਲਾ ਹਰਵੀਰ ਸਿੰਘ ਪੁੱਤਰ ਦਲਜੀਤ ਸਿੰਘ ਤੇ ਬਾਰਵੀਂ ਪਾਸ, 32 ਸਾਲਾ ਤੇਜਿੰਦਰ ਸਿੰਘ ਫ਼ੌਜੀ ਪੁੱਤਰ ਲਖਵਿੰਦਰ ਸਿੰਘ ਲੱਖਾ ਨੂੰ ਇੱਕ ਸਾਂਝੇ ਵਿਸ਼ੇਸ਼ ਉਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਜਦੋਂਕਿ ਇਸ ਮਾਮਲੇ ‘ਚ ਪਟਿਆਲਾ ਪੁਲਿਸ ਨੇ ਪਹਿਲਾਂ ਹੀ 4 ਮੁੱਖ ਮੁਲਜ਼ਮਾਂ ਅਤੇ ਪਨਾਹ ਦੇਣ ਵਾਲੇ 3 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ।
ਅੱਜ ਇੱਥੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਮੌਕੇ ਪ੍ਰਮੋਦ ਬਾਨ ਨੇ ਗੈਂਗਸਟਰਾਂ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਕਾਲੇ ਕੰਮ ਕਰਨੇ ਬੰਦ ਕਰਕੇ ਮੁੱਖ ਧਾਰਾ ‘ਚ ਵਾਪਸ ਆ ਜਾਣ ਨਹੀਂ ਤਾਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਨੂੰਨ ਮੁਤਾਬਕ ਹਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਅਜਿਹੇ ਸਮਾਜ ਵਿਰੋਧੀ ਤੱਤਾਂ ਦੇ ਝਾਂਸੇ ‘ਚ ਆਉਣ ਦੀ ਬਜਾਇ ਆਪਣੀ ਪੜ੍ਹਾਈ ਤੇ ਕੈਰੀਅਰ ਬਣਾਉਣ ਵੱਲ ਧਿਆਨ ਦੇਣ।
ਜੇਲਾਂ ‘ਚੋਂ ਗੈਂਗਸਟਰ ਕਾਰਵਾਈਆਂ ਚਲਾਉਣ ਬਾਬਤ ਪੁੱਛੇ ਇੱਕ ਸਵਾਲ ਦੇ ਜਵਾਬ ‘ਚ ਪ੍ਰਮੋਦ ਬਾਨ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਇਤਿਹਾਸ ਗਵਾਹ ਹੈ ਕਿ ਰਾਜ ‘ਚ ਅਮਨ ਸ਼ਾਂਤੀ ਲਿਆਉਣ ਲਈ ਸੂਬਾ ਪੁਲਿਸ ਪੂਰੀ ਤਰ੍ਹਾਂ ਸਮਰੱਥ ਅਤੇ ਇਕਜੁਟ ਹੈ। ਉਨ੍ਹਾਂ ਦੱਸਿਆ ਕਿ ਜੇਲ ਵਿਭਾਗ ਸਮੇਤ ਪੰਜਾਬ ਪੁਲਿਸ ਤੇ ਹੋਰ ਸਬੰਧਤਾਂ ਵੱਲੋਂ ਇਕ ਟੀਮ ਬਣਾ ਕੇ ਸਾਂਝੀ ਰਣਨੀਤੀ ਬਣਾਈ ਜਾ ਰਹੀ ਹੈ, ਜਿਸ ਤਹਿਤ ਕਾਨੂੰਨ ਮੁਤਾਬਕ ਗੈਂਗਸਟਰਾਂ ਦੀ ਸਮੱਸਿਆ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ।
ਏ.ਡੀ.ਜੀ.ਪੀ. ਨੇ ਇੱਕ ਹੋਰ ਸਵਾਲ ਦੇ ਜਵਾਬ ‘ਚ ਦੱਸਿਆ ਕਿ ਇਨ੍ਹਾਂ ਦੇ ਲਾਰੈਂਸ ਬਿਸ਼ਨੋਈ ਧੜੇ ਨਾਲ ਸਬੰਧ ਹੋਣ ਦਾ ਖ਼ਦਸ਼ਾ ਹੈ। ਦੇਹਰਾਦੂਨ ਵਿਖੇ ਹਰਵੀਰ ਸਿੰਘ ਦੀ ਗ੍ਰਿਫ਼ਤਾਰੀ ਸਮੇਂ ਇੱਕ ਪੁਲਿਸ ਮੁਲਾਜਮ ਦੇ ਸੱਟ ਲੱਗਣ ਬਾਬਤ ਦਸਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਠਰੰਮੇ ਤੋਂ ਕੰਮ ਲੈਕੇ ਭਗੌੜੇ ਦੋਸ਼ੀਆਂ, ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰ ਰਹੀ ਹੈ ਪਰੰਤੂ ਜੇਕਰ ਇਨ੍ਹਾਂ ਨੇ ਕੋਈ ਹਥਿਆਰਬੰਦ ਕਾਰਵਾਈ ਕੀਤੀ ਤਾਂ ਪੁਲਿਸ ਵੀ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਨ ‘ਚ ਕੋਈ ਲਿਹਾਜ ਨਹੀਂ ਕਰੇਗੀ।
ਧਰਮਿੰਦਰ ਭਿੰਦਾ ਕਤਲ ਮਾਮਲੇ ‘ਚ ਕਿਸੇ ਵਿਦੇਸ਼ੀ ਜਾਂ ਗੈਂਗਸਟਰ ਦਾ ਹੱਥ ਹੋਣ ਬਾਬਤ ਪੁੱਛੇ ਸਵਾਲ ਦੇ ਜਵਾਬ ‘ਚ ਪ੍ਰਮੋਦ ਬਾਨ ਨੇ ਦੱਸਿਆ ਕਿ ਮ੍ਰਿਤਕ ਢੀਂਡਸਾ ਸਪੋਰਟਸ ਕਬੱਡੀ ਕਲੱਬ ਦੌਣ ਕਲਾਂ ਦਾ ਪ੍ਰਧਾਨ ਰਿਹਾ ਸੀ ਤੇ ਇਨ੍ਹਾਂ ਦੀ ਪਹਿਲਾਂ ਆਪਸ ‘ਚ ਦੋਸਤੀ ਸੀ ਪ੍ਰੰਤੂ ਬਾਅਦ ‘ਚ ਕੋਈ ਰੰਜਸ਼ ਹੋ ਗਈ ਸੀ ਅਤੇ ਹਰਵੀਰ ਸਿੰਘ ਤੇ ਤੇਜਿੰਦਰ ਫ਼ੌਜੀ ਆਦਿ ਇਸਦੇ ਵਿਰੋਧੀ ਹੋ ਗਏ ਸਨ।
ਇਸ ਮੌਕੇ ਆਈ.ਪੀ. ਰਾਕੇਸ਼ ਅਗਰਵਾਲ, ਏ.ਆਈ.ਜੀ. ਏ.ਜੀ.ਟੀ.ਐਫ. ਗੁਰਮੀਤ ਸਿੰਘ ਚੌਹਾਨ, ਐਸ.ਐਸ.ਪੀ. ਡਾ. ਨਾਨਕ ਸਿੰਘ, ਐਸ.ਪੀ. (ਜਾਂਚ) ਡਾ. ਮਹਿਤਾਬ ਸਿੰਘ, ਐਸ.ਪੀ. (ਸਿਟੀ) ਹਰਪਾਲ ਸਿੰਘ, ਡੀ.ਐਸ.ਪੀ. ਏ.ਜੀ.ਟੀ.ਐਫ ਬਿਕਰਮਜੀਤ ਸਿੰਘ ਬਰਾੜ, ਡੀ.ਐਸ.ਪੀ. (ਸਿਟੀ-2) ਮੋਹਿਤ ਅਗਰਵਾਲ ਤੇ ਹੋਰ ਅਧਿਕਾਰੀ ਮੌਜੂਦ ਸਨ।