ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ
ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋ ਮੰਗਿਆਂ ਲਾਰੈਂਸ਼ ਖਿਲਾਫ ਦਰਜ ਸਾਰੇ ਕੇਸਾਂ ਦਾ ਰਿਕਾਰਡ
ਚੰਡੀਗੜ੍ਹ,1 ਸਤੰਬਰ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਦੇ ਪਿਤਾ ਦੀ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ। ਸੁਪਰੀਮ ਕੋਰਟ ਨੇ ਪੁੱਛਿਆ ਕਿ ਪੰਜਾਬ ਪੁਲਿਸ ਉਸ ਨੂੰ ਕਿੰਨੇ ਦਿਨਾਂ ਤੱਕ ਹਿਰਾਸਤ ਵਿੱਚ ਰੱਖੇਗੀ? ਉਸ ‘ਤੇ ਕਿੰਨੇ ਕੇਸ ਦਰਜ ਹਨ? ਤੁਸੀਂ ਉਸਨੂੰ ਕਿੰਨੇ ਮਹੀਨਿਆਂ ਲਈ ਪੰਜਾਬ ਵਿੱਚ ਰੱਖਣ ਦੀ ਯੋਜਨਾ ਬਣਾ ਰਹੇ ਹੋ? ਸੁਪਰੀਮ ਕੋਰਟ ਨੇ ਅਗਲੀ ਸੁਣਵਾਈ ਵਿੱਚ ਇਹ ਵੇਰਵੇ ਦੇਣ ਲਈ ਕਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਸੁਪਰੀਮ ਕੋਰਟ ਵਿੱਚ ਹੋਵੇਗੀ।
ਜਿਕਰਯੋਗ ਹੈ ਕਿ ਲਾਰੈਂਸ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਪੰਜਾਬ ਪੁਲਿਸ ਦਿੱਲੀ ਦੀ ਅਦਾਲਤ ਤੋਂ ਰਿਮਾਂਡ ‘ਤੇ ਲੈ ਕੇ ਆਈ ਸੀ। 13 ਜੂਨ ਨੂੰ ਪੰਜਾਬ ਲਿਆਉਣ ਤੋਂ ਬਾਅਦ ਉਸ ਨੂੰ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ‘ਚ ਲਿਜਾਇਆ ਜਾ ਰਿਹਾ ਹੈ। ਹੁਣ ਤੱਕ ਲਾਰੈਂਸ ਨੂੰ ਅੰਮ੍ਰਿਤਸਰ, ਹੁਸ਼ਿਆਰਪੁਰ, ਮੋਗਾ, ਫਰੀਦਕੋਟ ਅਤੇ ਹੁਣ ਮੁਹਾਲੀ ਪੁਲੀਸ ਹਿਰਾਸਤ ਵਿੱਚ ਭੇਜਿਆ ਜਾ ਚੁੱਕਾ ਹੈ।
ਲਾਰੈਂਸ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੂੰ ਮਾਨਸਾ ਲਿਜਾਇਆ ਗਿਆ। ਉਥੋਂ ਉਸ ਨੂੰ ਕਿਸੇ ਕੇਸ ਵਿਚ ਅੰਮ੍ਰਿਤਸਰ ਲਿਜਾਇਆ ਗਿਆ। 2020 ‘ਚ ਦਰਜ ਮਾਮਲੇ ‘ਚ ਦਿੱਤੇ ਬਿਆਨ ‘ਤੇ ਲਾਰੇਂਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ‘ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਵਕੀਲ ਨੂੰ ਪੁੱਛਿਆ ਕਿ ਅੱਗੇ ਕੀ ਯੋਜਨਾ ਹੈ? ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਉਸ ਖਿਲਾਫ ਸਾਰੇ ਮਾਮਲਿਆਂ ਦਾ ਹਲਫ਼ਨਾਮਾ ਵੀ ਦਾਖਲ ਕਰਨ ਲਈ ਕਿਹਾ ਹੈ।