ਗੁਰੂ ਨਗਰੀ ਅੰਮ੍ਰਿਤਸਰ ਦੇ ਕੋਨੇ ਕੋਨੇ ਵਿੱਚ ਲੱਗੇ ਕਿਤਾਬਾਂ ਦੇ ਲੰਗਰ
–ਜ਼ਿਲ਼ੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀ ਲੰਗਰ ਲਗਾਉਣ ਦੀ ਨਵੇਕਲੀ ਪਹਿਲ
–ਜ਼ਿਲ਼੍ਹੇ ਦੇ ਸਰਕਾਰੀ ਸਕੂਲਾਂ ਵਲੋਂ 2 ਲੱਖ ਦੇ ਕਰੀਬ ਕਿਤਬਾਂ ਵੰਡੀਆਂ- ਜ਼ਿਲ਼੍ਹਾ ਸਿੱਖਿਆ ਅਧਿਕਾਰੀ
– ਸਿੱਖਿਆ ਵਿਭਾਗ ਵਲੋਂ ਸਾਹਿਤ ਨਾਲ ਜੋੜਨ ਲਈ ਕੀਤੀ ਪਹਿਲਕਦਮੀ ਦੀ ਚੁਫੇਰਿਉਂ ਪ੍ਰਸੰਸਾ
ਅੰਮ੍ਰਿਤਸਰ, 17 ਜੁਲਾਈ – ਕੋਵਿਡ-19 ਮਹਾਂਮਾਰੀ ਦੌਰਾਨ ਵਿਦਿਆਰਥੀ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਬੰਦ ਕੀਤੇ ਸਕੁਲਾਂ ਕਾਰਨ ਵਿਦਿਆਰਥੀ-ਕਿਤਾਬ ਦੇ ਰਿਸ਼ਤੇ ਵਿੱਚ ਆਈ ਖੜੋਤ ਨੂੰ ਤੋੜਨ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਨਿਵੇਕਲੀ ਪਹਿਲ ਕਰਿਦਆਂ ਜ਼ਿਲ਼੍ਹੇ ਦੇ ਸਮੂਹ ਸਰਕਾਰੀ ਸਕੂਲਾਂ ਅੰਦਰ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਜਿਸਨੂੰ ਵਿਦਿਆਰਥੀ, ਮਾਪਿਆਂ ਤੇ ਸਮਾਜ ਦੇ ਪਤਵੰਤਿਆਂ ਵਲੋਂ ਭਰਵਾਂ ਹੁੰਗਾਰਾ ਭਰਦਿਆਂ ਕਰੀਬ 2 ਲੱਖ ਤੋਂ ਜਿਆਦਾ ਕਿਤਾਬਾਂ ਜਾਰੀ ਕਰਵਾਈਆਂ ਗਈਆਂ। ਸਿੱਖਿਆ ਵਿਭਾਗ ਪੰਜਾਬ ਵਲੋਂ ਜ਼ਿਲ਼੍ਹਾ ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਅੰਦਰ ਚਲਾਈ ਲਾਇਬ੍ਰੇਰੀ ਲੰਗਰ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਨਾਲ ਨਾਲ ਜਨਤਕ ਥਾਵਾਂ ਅਤੇ ਗੁਰਦੁਆਰਿਆਂ ‘ਚ ਕਿਤਾਬਾਂ ਦੇ ਸਟਾਲ ਲਗਾਏ ਗਏ।
ਇਸ ਸੰਬੰਧੀ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਅਤੇ ਸੁਸੀਲ ਕੁਮਾਰ ਤੁੱਲੀ ਜ਼ਿਲ਼੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਉਪਰਾਲੇ ਰਾਹੀਂ ਉਨ੍ਹਾਂ ਦਾ ਟੀਚਾ ਵੱਧ ਤੋਂ ਵੱਧ ਵਿਦਿਆਰਥੀਆਂ ਤੇ ਮਾਪਿਆਂ ਤੱਕ ਪਹੁੰਚਣਾ ਅਤੇ ਇਹ ਸੁਨਿਸਚਿਤ ਕਰਨਾ ਹੈ ਕਿ ਉਨ੍ਹਾਂ ਨੂੰ ਕਿਤਾਬਾਂ ਮੁਫਤ ਦਿਤੀਆਂ ਜਾਣ ਤਾਂ ਜੋ ਉਹਨਾਂ ਦੇ ਪੜਨ ਦੀ ਰੁੱਚੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸਤੋਂ ਇਲਾਵਾ ਸਿੱਖਿਆ ਵਿਭਾਗ ਦੀ ਮੁਹਿੰਮ ਹੁਣ ਹੋਰ ਵਧੇਰੇ ਮਹੱਤਵ ਰੱਖਦੀ ਹੈ ਕਿਉਂਕਿ ਵਿਦਿਆਰਥੀਆਂ ਦੇ ਕੋਵਿਡ-19 ਮਹਾਂਮਾਰੀ ਦੌਰਾਨ ਘਰ ‘ਚ ਰਹਿਣ ਕਾਰਨ ਵਿਦਿਆਰਥੀ ਕਿਤਾਬਾਂ ਤੋਂ ਦੂਰ ਜਾ ਚੁੱਕੇ ਹਨ। ਸਿੱਖਿਆ ਅਧਿਕਾਰੀਆਂ ਦੱਸਿਆ ਕਿ ਵਿਭਾਗ ਦੀ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਸਮਾਗਮ ‘ਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ, ਪੋਸਟਰ ਮੁਹਿੰਮ, ਧਾਰਮਿਕ ਤੇ ਜਨਤਕ ਸਥਾਨਾਂ ਤੋਂ ਐਲਾਣ ਕੀਤੇ ਜਾਣ ਤੋਂ ਇਲਾਵਾ ਸਕੂਲ ਅਧਿਆਪਕਾਂ ਵਲੋਂ ਆਪਣੀਆਂ ਨਿੱਜੀ ਵਾਹਨਾਂ ਤੇ ਬੈਨਰ ਲਗਾ ਕੇ ਕਿਤਾਬਾਂ ਨੂੰ ਵਿਦਿਆਰਥੀਆਂ ਦੇ ਘਰਾਂ ਤੱਕ ਪੁਜੱਦਾ ਕੀਤਾ ਗਿਆ। ਇਸ ਸਮੇਂ ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ ਪਰਮਿੰਦਰ ਸਿੰਘ ਸਰਪੰਚ, ਜ਼ਿਲ਼੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ ਦਵਿੰਦਰ ਕੁਮਾਰ ਮੰਗੋਤਰਾ ਨੇ ਕਿਹਾ ਕਿ ਜਿਵੇਂ ਵਿਦਿਆਰਥੀਆਂ ਤੇ ਮਾਪਿਆਂ ਨੇ ਜਿਸ ਉਤਸ਼ਾਹ ਨਾਲ ਲਾਇਬ੍ਰੇਰੀ ਲੰਗਰ ਵਿੱਚ ਹਿੱਸਾ ਲੈਂਦਿਆਂ ਇਸ ਮੁਹਿੰਮ ਨੂੰ ਸਫਲ ਬਣਾਇਆ ਹੈ ਹੁਣ ਉਨ੍ਹਾਂ ਵਲੋਂ ਚੁਣੀਆਂ ਗਈਆਂ ਕਿਤਾਬਾਂ ਨੂੰ ਪੜਨ ਉਪਰੰਤ ਉਨ੍ਹਾਂ ਤੇ ਸਮੀਖਿਆ ਲਿਖਣ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਵਿੰਡ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਸਾਰੰਗਦੇਵ ਦੇ ਸੀ.ਐਚ.ਟੀ. ਗੁਰਜੰਟ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 85 ਪ੍ਰਤੀਸ਼ਤ ਤੋਂ ਜਿਆਦਾ ਕਿਤਾਬਾਂ ਵਿਦਿਆਰਥੀਆਂ ਤੇ ਮਾਪਿਆਂ ਵਲੋਂ ਜਾਰੀ ਕਰਵਾਈਆਂ ਗਈਆਂ ਹਨ।