‘ਗੁਰੂ ਦਾ ਪੂਰਨ ਸਿੰਘ’ – ਭਗਤ ਪੂਰਨ ਸਿੰਘ ਪਿੰਗਲਵਾੜਾ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ- ਗੁਰਭਜਨ ਗਿੱਲ
ਗੁਰੂ ਨਾਨਕ ਦੀ ਬਾਣੀ ਜਿਸ ਦੇ ਸਾਹੀਂ ਤੁਰਦੀ।
ਗੁਰੂ ਅੰਗਦ ਦੀ ਸੇਵਾ-ਸ਼ਕਤੀ।
ਭਰ ਭਰ ਗਾਗਰ, ਕਈ ਕਈ ਸਾਗਰ।
ਦੀਨ ਦੁਖੀ ਦੀ ਪਿਆਸ ਬੁਝਾਈ।
ਅਮਰਦਾਸ ਗੁਰ ਕੋਲੋਂ ਉਸਨੇ ਲੰਗਰ ਲੈ ਕੇ,
ਰਾਮ ਦਾਸ ਦੀ ਧਰਤੀ ਤੇ ਸੇਵਾ ਵਰਤਾਈ।
ਅਰਜੁਨ ਗੁਰ ਤੋਂ ਸਿਦਕ ਸਬਰੀ।
‘ਤੇਰਾ ਭਾਣਾ ਮੀਠਾ ਲਾਗੇ’।
ਚਰਨਾਮ੍ਰਿਤ ਵਿਚ ਭਗਤੀ ਲੈ ਕੇ,
ਅੰਮ੍ਰਿਤਸਰ ਵਿਚ ਡੇਰਾ ਲਾਇਆ।
ਦਸ ਗੁਰੂਆਂ ਦੀ ਬਖਸ਼ਿਸ਼ ਸਦਕਾ,
ਰਾਜੇਵਾਲ ਦਾ ਅਨਘੜ੍ਹ ਮੁੰਡਾ,
ਗੁਰੂ ਦਾ ਪੂਰਨ ਸਿੰਘ ਅਖਵਾਇਆ।
ਰੱਬ ਸੱਚੇ ਦੇ ਹੱਥੋਂ ਰਹੇ ਜੋ ‘ਅੱਧ ਅਧੂਰੇ’।
ਉਨ੍ਹਾਂ ਦੀ ਸੇਵਾ ਵਿਚ ਆਪਣਾ ਜਨਮ ਲਗਾਇਆ।
ਤੇ ਇਕ ਐਸਾ ਦੀਪ ਜਗਾਇਆ।
ਜਿਸ ਨੇ ਨੇਰ੍ਹੀ ਰਾਤੇ ਸਾਡਾ ਰਾਹ ਰੁਸ਼ਨਾਇਆ।
ਪਿੰਗਲਵਾੜਾ ਸੇਵਾ ਅਤੇ ਸੰਭਾਲ ਦੇ ਕਾਰਨ,
ਅੱਜ ਬਣਿਆ ਇਕ ਐਸਾ ਘਰ ਹੈ।
ਜਿਵੇਂ ਪਵਿੱਤਰ ਰੱਬ ਦਾ ਦਰ ਹੈ।
ਲੂਲ੍ਹੇ ਲੰਗੜੇ, ਪਿੰਗਲੇ ਤੇ ਮੰਦ ਬੁੱਧੀ ਵਾਲੇ।
ਪੂਰਨ ਸਿੰਘ ਨੇ ਆਪ ਸੰਭਾਲੇ।
ਇਕੋ ਜਨਮ ’ਚ ਬਣਿਆ ਉਹ ਪਰਚੰਡ ਜਵਾਲਾ।
ਨਾ ਧਿਰਿਆਂ ਨੂੰ ਨਿੱਘ ਵੰਡਦਾ ਜਦ ਲੱਗਦਾ ਪਾਲਾ।
ਤੁਰਦਾ ਫਿਰਦਾ ਜਾਪੇ ਗਾਉਂਦਾ ਗੀਤ ਇਲਾਹੀ।
ਇਕੋ ਧੁਨ ਵਿਚ ਮਸਤ ਦੁਨੀ ਤੋਂ ਬੇਪ੍ਰਵਾਹੀ।
ਚੌਵੀ ਘੰਟੇ ਹੱਥ ਵਿਚ ਰੱਖਦਾ ਬਾਟਾ ਫੜਕੇ।
ਵੰਡਦਾ ਅੱਗੋਂ ਅੱਗੇ ਕਿਣਕਾ ਕਿਣਕਾ ਕਰਕੇ।
ਉਹ ਜਿੱਥੇ ਵੀ ਜਾਂਦਾ ਮੰਗਦਾ ਇੱਕੋ ਉੱਤਰ।
ਧਰਤੀ ਬਾਂਝ ਬਣਾ ਕੇ ਕਿਉਂ ਅਖਵਾਉਂਦੇ ਪੁੱਤਰ?
ਆਖੇ ਧਰਤੀ ਅੰਦਰ ਨਾ ਹੁਣ ਜ਼ਹਿਰ ਮਿਲਾਓ।
ਵਿਗਿਆਨਾਂ ਦੇ ਅੱਥਰੇ ਘੋੜੇ ਨੂੰ ਨੱਥ ਪਾਉ।
ਹੋ ਜਾਊ ਜ਼ਹਿਰੀਲਾ ਲੋਕੋ ਅੰਨ ਤੇ ਪਾਣੀ।
ਕਿਸੇ ਤੁਹਾਡੇ ਚੌਕੇ ਫਿਰ ਨਾ ਰੋਟੀ ਖਾਣੀ।
ਤੁਰਿਆ ਤੁਰਿਆ ਜਾਂਦਾ ਹੂੰਝੇ ਰਾਹ ‘ਚੋਂ ਰੋੜੇ।
ਕੱਲ ਮੁ ਕੱਲਾ ਵਾਗ ਸਮੇਂ ਦੀ ਏਦਾਂ ਮੋੜੇ।
ਸਾਰੇ ਹਾੜ ਸਿਆਲ ਬਸੰਤਾਂ ਪੱਤਝੜ ਰੁੱਤੇ।
ਛਪੇ ਹੋਏ ਅਖ਼ਬਾਰ ਦੇ ਫਿੱਕੇ ਪੰਨਿਆਂ ਉੱਤੇ।
ਗਿਆਨ ਅਤੇ ਵਿਗਿਆਨ ਦੇ ਕਿਣਕੇ ਫਿਰ ਛਪਵਾਉਂਦਾ।
ਮੱਥੇ ਦੀ ਮਮਟੀ ਤੇ ਜਗਦੇ ਦੀਵੇ ਧਰਦਾ, ਨੇਰ੍ਹ ਮਿਟਾਉਂਦਾ।
ਚੌਂਕ ਚੁਰਸਤੇ ਪਿੰਡੀਂ ਸ਼ਹਿਰੀਂ ਹੋਕਾ ਲਾਵੇ।
ਇਸ ਧਰਤੀ ਦਾ ਪੁੱਤਰ ਅਸਲੀ ਗੱਲ ਸਮਝਾਵੇ।
ਅੰਨ੍ਹੇ ਹੋ ਕੇ ਵਰਤੀ ਜਾਓ,
ਮੂਰਖ਼ ਲੋਕੋ ਜਿੱਸਰਾਂ ਪਾਣੀ।
ਉਹ ਦਿਨ ਵੀ ਹੁਣ ਦੂਰ ਨਹੀਂ ਹੈ
ਜਦ ਇਹ ਪੂੰਜੀ ਹੈ ਮੁੱਕ ਜਾਣੀ।
ਉਸ ਦੇ ਫ਼ਿਕਰ ਨਹੀਂ ਸਨ ਚਾਰ ਦੀਵਾਰੀ ਵਾਲੇ।
ਸਰੋਕਾਰ ਸਨ ਸੁੱਚੇ, ਪਰਉਪਕਾਰੀ ਵਾਲੇ।
ਉਸ ਨੇ ਇਹ ਵਿਸ਼ਵਾਸ ਗੁਰਾਂ ਤੋਂ ਆਪ ਲਿਆ ਸੀ।
ਦਰਦ ਕਿਸੇ ਦੇ ਬਾਪੂ ਦੀ ਜਾਗੀਰ ਨਹੀਂ ਹੈ।
ਸੇਵਾ ਖ਼ਾਤਰ ਕੋਈ ਵੀ ਕਦਮ ਅਖ਼ੀਰ ਨਹੀਂ ਹੈ।
ਉਸ ਨੂੰ ਸੀ ਵਿਸ਼ਵਾਸ ਕਿ ਜਿਸ ਦੇ ਹੱਥ ਵਿਚ ਬਾਟਾ।
ਉਸ ਨੂੰ ਜ਼ਿੰਦਗੀ ਦੇ ਵਿਚ ਪੈਂਦਾ ਕਦੇ ਨਾ ਘਾਟਾ।
ਹਰਿਮੰਦਰ ਦੇ ਬੂਹੇ ਬਹਿੰਦਾ ਆਪ ਨਿਰੰਤਰ।
ਪਰ ਸੋਚਾਂ ਨੂੰ ਰੱਖਿਆ ਉਸਨੇ ਸਦਾ ਸੁਤੰਤਰ।
ਸਰਬ ਧਰਮ ਵਿਸ਼ਵਾਸੀ ਉਹਦੇ ਸਾਥੀ ਹੋਏ।
ਪਰ ਉਸ ਵਰਗਾ ਕਿਹੜਾ ਹੋਏ?
ਚਾਰ ਚੁਫੇਰਿਉਂ ਲੱਭਦਾ ਰਹਿੰਦਾ ਪੈਦਲ ਤੁਰਦਾ,
ਦੀਨ ਦੁਖੀ ਨੂੰ ਆਪਣੀ ਬੁੱਕਲ ਦੇ ਵਿਚ ਲੈਂਦਾ।
ਤੇ ਇਹ ਕਹਿੰਦਾ।
ਗੁਰ ਦਾ ਸਿੱਖ ਜੇ ਕਰੇ ਵਿਤਕਰਾ ਸਿੱਖ ਨਹੀਂ ਰਹਿੰਦਾ।
ਸ਼ਬਦ ਚੇਤਨਾ, ਵਿਦਿਆ ਦਾ ਵੀ ਜਾਪ ਜਪਾਉਂਦਾ।
ਚਾਨਣ ਦਾ ਦਰਿਆ, ਨੇਰ੍ਹੇ ਦੀ ਅਲਖ਼ ਮੁਕਾਉਂਦਾ।
ਹੁਕਮ ਹਕੂਮਤ ਦੋਹਾਂ ਤੋਂ ਹੀ ਵੱਖਰਾ ਰਹਿੰਦਾ।
ਜਬਰ ਜ਼ੁਲਮ ਨੂੰ ਤੱਕ ਕੇ ਉਹ ਮੂੰਹ ਆਈ ਕਹਿੰਦਾ।
ਕੁਰਸੀ ਦੀ ਉਹ ਧੌਂਸ ਕਦੇ ਇਕ ਪਲ ਨਾ ਸਹਿੰਦਾ।
ਖੱਦਰਧਾਰੀ, ਰੇਸ਼ਮ ਦਿਲ ਮਨ ਤੋਂ ਨਹੀਂ ਲਹਿੰਦਾ।
ਇੱਕੋ ਨਾਅਰਾ ਲਾਉਂਦਾ, ਸੁਣਿਓਂ ਭੈਣ-ਭਰਾਉ।
ਮੈਂ ਜਿਸ ਮਾਰਗ ਤੁਰਿਆਂ ਮੇਰੇ ਮਗਰੇ ਆਉ।
ਮੇਰਾ ਮੁਰਸ਼ਦ ਨਾਨਕ ਉਸ ਦਾ ਵੰਸ਼ ਵਧਾਉ।
ਨੇਕੀ ਦੇ ਹਰ ਚੌਂਕ ਚੁਰਸਤੇ ਬਿਰਖ਼ ਲਗਾਉ।
ਸੇਵਾ ਸਿਮਰਨ ਸ਼ਕਤੀ ਦੇ ਸੰਗ ਰਿਸ਼ਤਾ ਜੋੜੋ।
ਕਾਮ ਕਰੋਧੀਓ, ਮੋਹ ਦੇ ਬੰਧਨ ਲਾਲਚ ਤੋੜੋ।
ਲੋਭੀ ਮਨ ਨੂੰ ਵਰਜੋ ਸਿੱਧੇ ਰਾਹ ਤੇ ਮੋੜੋ।
ਜੋ ਗੁਰ ਦੱਸਿਆ ਭਲਾ ਸਰਬ ਦਾ ਹਰ ਪਲ ਲੋੜੋ।