ਵਿਧਾਇਕ ਜ਼ੀਰਾ ਨੇ ਕੀਤੀ ਅਗਵਾਈ-ਕੈਪਟਨ ਸੰਧੂ ਤੇ ਵਿਧਾਇਕ ਚੀਮਾ ਵਲੋਂ ਸੰਗਤ ਦਾ ਨਿੱਘਾ ਸਵਾਗਤ
ਸੰਗਤ ਨੇ ਅਨੁਸ਼ਾਸ਼ਨ ਦੀ ਕਾਇਮ ਕੀਤੀ ਮਿਸਾਲ
ਚੰਡੀਗੜ੍ਹ/ਸੁਲਤਾਨਪੁਰ ਲੋਧੀ, 11 ਨਵੰਬਰ
ਕੇਸਰੀ ਨਿਸ਼ਾਨ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਘਰ ਨਤਮਸਤਕ ਹੋਣ ਲਈ ਅੱਜ 5000 ਤੋਂ ਜਿਆਦਾ ਸੰਗਤ ਜ਼ੀਰਾ ਤੋਂ ਪੈਦਲ ਚੱਲਕੇ ਸੁਲਤਾਨਪੁਰ ਲੋਧੀ ਪੁਹੰਚੀ। ਗੁਰੂ ਨਾਨਕ ਦੇਵ ਜੀ ਮਹਿਮਾ ਗਾਉਂਦਿਆਂ ਸੰਗਤ ਵਲੋਂ ਜ਼ੀਰਾ ਤੋਂ ਸੁਲਤਾਨਪੁਰ ਲੋਧੀ ਤੱਕ ਦਾ 45 ਕਿਲੋਮੀਟਰ ਤੱਕ ਦਾ ਸਫਰ ਬਿਨਾਂ ਰੁਕੇ ਲਗਭਗ 6 ਘੰਟੇ ਵਿਚ ਤੈਅ ਕੀਤਾ ਗਿਆ।
ਸੰਗਤ ਦੀ ਅਗਵਾਈ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਕਰ ਰਹੇ ਸਨ, ਜਿਸਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਤੇ ਸਥਾਨਕ ਵਿਧਾਇਕ ਸ. ਨਵਤੇਜ ਸਿੰਘ ਚੀਮਾ ਵਲੋਂ ਜ਼ੈਕਾਰਿਆਂ ਦੀ ਗੂੰਜ ਵਿਚ ਸਵਾਗਤ ਕੀਤਾ ਗਿਆ।
ਜ਼ੀਰਾ ਤੋਂ ਸਵੇਰੇ 7 ਵਜੇ ਸੁਲਤਾਨਪੁਰ ਲੋਧੀ ਲਈ ਸੰਗਤ ਵਲੋਂ ਚਾਲੇ ਪਾਏ ਗਏ ਜੋ ਕਿ ਸ਼ਬਦ ਗਾਇਨ ਕਰਦੀ ਹੋਈ ਲੋਹੀਆਂ ਤੋਂ ਸੁਲਤਾਨਪੁਰ ਲੋਧੀ ਪੁੱਜੀ। ਸੰਗਤ ਦਾ ਅਨੁਸ਼ਾਸ਼ਨ ਲਾਮਿਸਾਲ ਸੀ, ਕਿਉਂ ਜੋ ਸੰਗਤ ਦੀ ਵੱਡੀ ਗਿਣਤੀ ਦੇ ਬਾਵਜੂਦ ਆਮ ਰਾਹਗੀਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਿਆ। ਲੋਹੀਆਂ ਰੋਡ ਉੱਪਰ ਸਥਾਪਿਤ ਟੈਂਟ ਸਿਟੀ ਨੇੜੇ ਸੰਗਤ ਦਾ ਸਵਾਗਤ ਕਰਦਿਆਂ ਕੈਪਟਨ ਸੰਦੀਪ ਸੰਧੂ ਤੇ ਸਥਾਨਕ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ 50 ਲੱਖ ਸੰਗਤ ਦੀ ਸਹੂਲਤ ਲਈ ਵਡੇਰੇ ਪ੍ਰਬੰਧ ਕੀਤੇ ਗਏ ਹਨ।
ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਹ ਜ਼ੀਰਾ ਹਲਕੇ ਤੋਂ ਗੁਰੂ ਘਰ ਦੇ ਦਰਸ਼ਨਾਂ ਲਈ ਪਹਿਲਾ ਜਥਾ ਅੱਜ ਲੈ ਕੇ ਪਹੁੰਚੇ ਹਨ ਜਦਕਿ ਕੱਲ 12 ਨਵੰਬਰ ਨੂੰ ਇਕ ਹੋਰ ਜਥਾ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਪਹੁੰਚੇਗਾ। ਉਨਾਂ ਕਿਹਾ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਧਰਤੀ ‘ਤੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਸੰਗਤ ਦੇ ਸਵਾਗਤ ਲਈ ਸਜਾਵਟੀ ਗੇਟ ਸਮੇਤ ਲੰਗਰ ਦੇ ਉਚੇਚੇ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸਮੁੱਚਾ ਇਲਾਕਾ ਪੂਰੇ ਜਾਹੋ ਜਲਾਲ ਨਾਲ ਖਾਲਸਾਈ ਰੰਗ ਵਿਚ ਰੰਗਿਆ ਗਿਆ।
ਇਸ ਮੌਕੇ ਐਸ.ਡੀ.ਐਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਬੀ.ਡੀ.ਪੀ.ਓ. ਹਾਜ਼ਰ ਸਨ।