ਗੁਰੂਗ੍ਰਾਮ ‘ਚ ਭਾਰੀ ਮੀਂਹ ਨਾਲ ਜਲ-ਥਲ: ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ
– ਸਕੂਲੀ ਬੱਸਾਂ, ਐਂਬੂਲੈਂਸਾਂ ਅਤੇ ਆਮ ਵਾਹਨ ਪਾਣੀ ‘ਚ ਫਸੇ; 8-9 ਘੰਟੇ ਲੱਗਿਆ ਲੰਬਾ ਜਾਮ
ਨਵੀ ਦਿੱਲੀ, 24 ਅਗਸਤ (ਵਿਸ਼ਵ ਵਾਰਤਾ) : ਦਿੱਲੀ-ਐੱਨ.ਸੀ.ਆਰ. ਵਿੱਚ ਅੱਜ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਤੋਂ ਬਾਅਦ ਸਭ ਤੋਂ ਮਾੜਾ ਹਾਲ ਗੁਰੂਗ੍ਰਾਮ ਸ਼ਹਿਰ ਦਾ ਹੋ ਗਿਆ। ਗੁਰੂਗ੍ਰਾਮ ਵਿੱਚ ਥਾਂ-ਥਾਂ ਪਾਣੀ ਭਰ ਗਿਆ। ਕਈ ਸੜਕਾਂ ‘ਤੇ ਭਾਰੀ ਟ੍ਰੈਫ਼ਿਕ ਜਾਮ ਹੋ ਗਿਆ। ਗੁਰੂਗ੍ਰਾਮ ਵਿੱਚ ਕਈ ਸਕੂਲੀ ਬੱਸਾਂ ਵੀ ਪਾਣੀ ਦੇ ਵਿਚਕਾਰ ਫਸ ਗਈਆਂ। ਇਸ ਦੌਰਾਨ ਬੱਸਾਂ ਦੇ ਅੰਦਰ ਬੱਚੇ ਵੀ ਮੌਜੂਦ ਸਨ। ਕਈ ਬੱਚੇ ਪਾਣੀ ਵਿੱਚ ਉਤਰ ਕੇ ਬਾਹਰ ਨਿਕਲੇ, ਜਦਕਿ ਕੁਝ ਬੱਸਾਂ ਵਿੱਚ ਹੀ ਬੈਠੇ ਰਹੇ।

ਦੱਸਿਆ ਜਾ ਰਿਹਾ ਹੈ ਕਿ ਗੁਰੂਗ੍ਰਾਮ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ 75 ਐੱਮ.ਐੱਮ. (mm) ਮੀਂਹ ਪਿਆ। ਇੱਥੇ ਰਾਜੀਵ ਚੌਂਕ, ਸੁਭਾਸ਼ ਚੌਂਕ, ਜੇਲ੍ਹ ਚੌਂਕ, ਇਫ਼ਕੋ ਚੌਂਕ, ਹੀਰੋ ਹੋਂਡਾ ਚੌਂਕ, NH 48, ਸ਼ੰਕਰ ਚੌਂਕ, ਖੇੜਕੀਦੌਲਾ ਟੋਲ ਅਤੇ ਸੋਹਨਾ ਰੋਡ ‘ਤੇ 3 ਤੋਂ 4 ਫੁੱਟ ਪਾਣੀ ਭਰ ਗਿਆ। ਕੁਝ ਥਾਵਾਂ ‘ਤੇ ਕਾਰਾਂ ਤੈਰਦੀਆਂ ਨਜ਼ਰ ਆਈਆਂ।

ਰਾਜੀਵ ਚੌਂਕ ‘ਤੇ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਜਾਮ ਦੀ ਸਥਿਤੀ ਰਹੀ। ਇਸ ਵਿੱਚ ਸਕੂਲੀ ਬੱਸਾਂ ਅਤੇ ਐਂਬੂਲੈਂਸਾਂ ਫਸੀਆਂ ਰਹੀਆਂ। ਮ੍ਰਿਤਕ ਦੇਹ ਲੈ ਕੇ ਜਾ ਰਿਹਾ ਮੱਧ ਪ੍ਰਦੇਸ਼ ਦਾ ਇੱਕ ਪਰਿਵਾਰ ਵੀ ਫਸਿਆ ਰਿਹਾ। ਹਾਲਾਤ ਨੂੰ ਦੇਖਦੇ ਹੋਏ ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਕੱਲ੍ਹ ਯਾਨੀ 25 ਅਗਸਤ ਨੂੰ ਪ੍ਰਾਈਵੇਟ ਕੰਪਨੀਆਂ ਨੂੰ ‘ਵਰਕ ਫ੍ਰੌਮ ਹੋਮ’ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਸਕੂਲਾਂ ਵਿੱਚ ਆਨਲਾਈਨ ਕਲਾਸਾਂ ਲੱਗਣਗੀਆਂ। ਇਸ ਦਾ ਕਾਰਨ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਦੇ ਨਾਲ-ਨਾਲ ਪਾਣੀ ਭਰਨ ਕਾਰਨ ਟ੍ਰੈਫਿਕ ਜਾਮ ਲੱਗਣ ਦਾ ਖਦਸ਼ਾ ਦੱਸਿਆ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























