ਗੁਰਮੀਤ ਖੁੱਡੀਆਂ ਵੱਲੋਂ ਆਪਣੇ ਪਰਿਵਾਰਕ ਹਲਕੇ ਲੰਬੀ ਦੇ ਦਰਜਨਾਂ ਪਿੰਡਾਂ ਦਾ ਤੂਫ਼ਾਨੀ ਦੌਰਾ
ਲੋਕਾਂ ਨੇ ਖੁੱਡੀਆਂ ਦੇ ਰਾਹਾਂ ’ਚ ਪਲਕਾਂ ਵਿਛਾ ਕੇ ਕੀਤਾ ਸਵਾਗਤ; ਖੁੱਡੀਆਂ ਨੇ ਹਲਕਾ ਵਾਸੀਆਂ ਨੂੰ ਆਪਣਾ ਪਰਿਵਾਰ ਦੱਸਿਆ
ਲੰਬੀ/ਮਲੋਟ, 27 ਮਈ (ਵਿਸ਼ਵ ਵਾਰਤਾ):- ਜਿਵੇਂ ਹੀ ਫ਼ੈਸਲਾਕੁਨ ਦਿਨ 1 ਜੂਨ ਨੇੜੇ ਆ ਰਿਹਾ ਹੈ, ਬਠਿੰਡਾ ਹਾਟ ਸੀਟ ’ਤੇ ਗਰਮੀ ਦਾ ਪਾਰਾ ਅਤੇ ਚੋਣਾਵੀ ਬੁਖਾਰ ਦਰਮਿਆਨ ਮੁਕਾਬਲਾ ਵਧਦਾ ਜਾ ਰਿਹਾ ਹੈ। ਅੱਜ 47 ਡਿਗਰੀ ਤਾਪਮਾਨ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਜੱਦੀ ਅਸੰਬਲੀ ਹਲਕੇ ਲੰਬੀ ਦੇ ਦਰਜਨਾਂ ਪਿੰਡਾਂ ’ਚ ਤੂਫ਼ਾਨੀ ਦੌਰਾ ਕਰਕੇ ਵੋਟਰਾਂ ਨੂੰ ਆਪਣੇ ਹੱਕ ’ਚ ਫ਼ਤਵਾ ਦੇਣ ਦੀ ਅਪੀਲ ਕੀਤੀ।
ਸ੍ਰੀ ਖੁੱਡੀਆਂ ਦਾ ਕਾਫ਼ਲਾ ਅੱਜ ਸੁਵਖ਼ਤੇ ਆਪਣੇ ਨਗਰ ਖੁੱਡੀਆਂ ਗੁਲਾਬ ਸਿੰਘ ਵਾਲਾ ਤੋਂ ਚੱਲ ਕੇ ਸਿੰਘੇ ਵਾਲਾ, ਆਧਨੀਆਂ, ਮਾਹੂਆਣਾ, ਤਪਾ ਖੇੜਾ, ਛਾਪਿਆਂ ਵਾਲੀ, ਕੋਲਿਆਂ ਵਾਲੀ, ਕੰਗਨ ਖੇੜਾ, ਖੇਮਾ, ਢਾਣੀ ਕੁੰਦਣ, ਢਾਣੀ ਬਰਕੀ, ਭਾਈ ਕੇਰਾ, ਬਲੋਚ ਕੇਰਾ, ਮਾਹਣੀ ਖੇੜਾ, ਗੁਰੂਸਰ ਯੋਧਾ, ਪੱਕੀ ਟਿੱਬੀ, ਭਗਵਾਨਪੁਰਾ, ਆਲਮ ਵਾਲਾ, ਲੰਬੀ, ਵਣ ਵਾਲਾ ਅਨੂੰ, ਚੱਕ ਮਿੱਡੂ ਸਿੰਘ ਵਾਲਾ, ਕੰਦੂ ਖੇੜਾ ਸਮੇਤ ਸ਼ਾਮ ਤੱਕ ਅਨੇਕਾਂ ਪਿੰਡਾਂ ਵਿੱਚ ਗਿਆ।
ਸ੍ਰੀ ਖੁੱਡੀਆਂ ਨੇ ਸਭ ਥਾੲੀਂ ਸੰਬੋਧਨ ਕਰਦਿਆਂ ਫ਼ਖ਼ਰ ਮਹਿਸੂਸ ਕੀਤਾ ਕਿ ਲੰਬੀ ਹਲਕੇ ਦੇ ਉਹ ਜੰਮਪਲ ਹਨ ਅਤੇ ਇਥੋਂ ਦੇ ਸਭ ਲੋਕ ਮੇਰੇ ਪਰਿਵਾਰ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਤੁਸੀਂ ਸਿਆਸਤ ਦੇ ਥੰਮ੍ਹ ਪ੍ਰਕਾਸ਼ ਸਿੰਘ ਬਾਦਲ ਨੂੰ ਸਿਕਸ਼ਤ ਦੇ ਕੇ ਮੇਰੇ ਸਿਰ ’ਤੇ ਹੱਥ ਰੱਖ ਕੇ ਮੰਤਰੀ ਬਣਾਇਆ ਸੀ। ਅੱਜ ਫਿਰ ਉਹੋ ਆਸ਼ੀਰਵਾਦ ਫਿਰ ਲੈਣ ਲਈ ਤੁਹਾਡੀ ਸ਼ਰਨ ’ਚ ਆਇਆ ਹਾਂ। ਸ੍ਰੀ ਖੁੱਡੀਆਂ ਨੇ ਵਾਅਦਾ ਕੀਤਾ ਕਿ ਅਸਮਾਨੋਂ ਤਾਰੇ ਤੋੜ ਲਿਆਉਣ ਜਿਹੀਆਂ ਫ਼ਰਜ਼ੀ ਕਹਾਣੀਆਂ ਦਾ ਹਕੀਕਤ ਨਾਲ ਵਾਹ ਵਾਸਤਾ ਨਹੀਂ ਹੁੰਦਾ, ਸੋ ਇੱਕ ਗੱਲ ਠੋਕ ਵਜਾ ਕੇ ਕਹਾਂਗਾ ਕਿ ਇਹ ਹਲਕਾ ਮੇਰੀ ਜਨਮ ਤੇ ਕਰਮ ਭੂਮੀ ਹੈ, ਇਸ ਨੂੰ ਹਰ ਪੱਖ ਤੋਂ ਖੂਬਸੂਰਤ ਅਤੇ ਖ਼ੁਸ਼ਹਾਲ ਬਣਾਉਣ ਲਈ ਪੂਰੀ ਜਾਨ ਲਾ ਦਿਆਂਗਾ।
ਅਖੀਰ ਵਿੱਚ ਸ੍ਰੀ ਖੁੱਡੀਆਂ ਨੇ ਕਿਹਾ ਕਿ ਉਹ ਪੈਸੇ ਵਾਲੇ ਪੱਖ ਤੋਂ ਭਾਵੇਂ ਅਮੀਰ ਨਹੀਂ ਪਰ ਦਿਲ ਦੇ ਅਮੀਰ ਹਨ। ਉਨ੍ਹਾਂ ਕਿਹਾ ਕਿ ਮੇਰਾ ਦਸਤਪੰਜਾ ਭਾਵੇਂ ਧਨਾਢ ਉਮੀਦਵਾਰਾਂ ਨਾਲ ਫਸਿਆ ਹੈ ਪਰ ਸਭ ਤੋਂ ਵੱਡੀ ਅਮੀਰੀ ਮੇਰੇ ਆਪਣੇ ਲੋਕਾਂ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਵੋਟ ਦੀ ਤਾਕਤ ਬਹੁਤ ਬਲਵਾਨ ਹੁੰਦੀ ਹੈ ਅਤੇ ਆਓ! ਇੱਕ-ਇੱਕ ਵੋਟ ਦਾ ਫ਼ਤਵਾ ਚੋਣ ਨਿਸ਼ਾਨ ‘ਝਾੜੂ’ ਦੇ ਹੱਕ ’ਚ ਭੁਗਤਾ ਕੇ ਲੰਬੀ ਹਲਕੇ ਦੇ ਭਾਗ ਜਗਾਈਏ।
ਵਿਸ਼ੇਸ਼ ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਲੰਬੀ ’ਚ ਸ੍ਰੀ ਖੁੱਡੀਆਂ ਦੇ ਪ੍ਰਚਾਰ ਕਾਫ਼ਲੇ ਦਾ ਵੱਖਰਾ ਹੀ ਜਲੌਅ ਨਜ਼ਰੀਂ ਆਇਆ। ਆਪ ਮੁਹਾਰੇ ਲੋਕਾਂ ਵੱਲੋਂ ਆਪਣੇ ਵਾਹਨਾਂ ’ਤੇ ਇਸ ਕਾਫ਼ਲੇ ਦਾ ਹਿੱਸਾ ਬਣਿਆ ਗਿਆ, ਜਿਸ ਨੇ ਭੱਠ ਵਾਂਗ ਤਪਦੀ ਤਿੱਖੜ ਦੁਪਹਿਰ ਵੇਲੇ ਸਿਰੜ ਤੇ ਜੋਸ਼ ਨਾਲ ਸ੍ਰੀ ਖੁੱਡੀਆਂ ਦਾ ਸਾਥ ਨਿਭਾਇਆ।