ਗੁਰਭਜਨ ਗਿੱਲ ਰਚਿਤ ਕਾਵਿ “ਸੁਰਤਾਲ”: ਮਨੁੱਖੀ ਜੀਵਨ ਦੇ ਅਨੁਭਵਾਂ ਦਾ ਤਰਜਮਾ – ਡਾ. ਨਵਰੂਪ ਕੌਰ
ਚੰਡੀਗੜ੍ਹ, 30ਮਈ(ਵਿਸ਼ਵ ਵਾਰਤਾ) ਕਾਵਿ ਦਾ ਉਦੇਸ਼ ਹੈ ਕਿ ਗੱਲ ਭਵਿੱਖਮੁਖੀ ਹੋਵੇ, ਮਸਲਿਆਂ ਦਾ ਹੱਲ ਹੋਵੇ, ਜ਼ਿੰਦਗੀ ਵਿੱਚ ਤੋੜ ਹੋਵੇ, ਛੱਲਾਂ ਵਿੱਚ ਤੜਪ ਹੋਵੇ, ਕੋਈ ਸੁਨੇਹਾ ਆਸਾਂ ਉਮੀਦਾਂ ਭਰਿਆ ਦੇਣ ਜੋਗਾ ਹੋਵੇ । ਇਨ੍ਹਾਂ ਸਾਰੀਆਂ ਗੱਲਾਂ ਤੇ ਪੂਰਾ ਉਤਰਣ ਵਾਲਿਆਂ ਵਿੱਚੋਂ ਇਕ ਨਾਂ ਹੈ ਸ਼ਿਰੋਮਣੀ ਕਵੀ ਗੁਰਭਜਨ ਗਿੱਲ । ਡਾ. ਸੁਰਜੀਤ ਪਾਤਰ ਲਿਖਦੇ ਹਨ ਕਿ ਗੁਰਭਜਨ ਕੋਲ ਗ਼ਜ਼ਲਾਂ ਦੀ ਜਰਖੇਜ਼ ਜ਼ਮੀਨ ਹੈ । ਨਿਰੰਤਰ ਸਾਹਿਤ ਦੀ ਝੋਲੀ ਸੋਹਣੇ ਸ਼ਬਦਾਂ ਨਾਲ ਭਰਨ ਵਾਲਾ ਸੁਹਿਰਦ ਸੁਚੇਤ ਕਵੀ ਹੈ ਗੁਰਭਜਨ ਗਿੱਲ । ਪੰਜਾਬੀ ਸਾਹਿਤ ਵਿੱਚ ਇਕ ਮਾਣਯੋਗ ਆਸ਼ਾਵਾਦੀ ਧੁਨੀ ਨੂੰ ਸੁਝਾਉਣ ਵਾਲੀ ਸ਼ਖਸੀਅਤ, ਜਿਸ ਨੂੰ ਹਰ ਉਮਰ ਵਰਗ ਦੇ ਪਾਠਕ ਪੜ੍ਹਨਾ ਚਾਹੁੰਦੇ ਹਨ । ਪ੍ਰੇਰਨਾ ਦਾ ਸਰੋਤ, ਡੁੱਬਦਿਆਂ ਨੂੰ ਤਰਨਾ ਸਿਖਾਉਣ ਦਾ ਵਲ ਦੱਸਣ ਵਾਲਾ, ਮੋਢਿਓਂ ਫੜ੍ਹ ਕੇ ਹਲੂਣਨ ਵਾਲਾ, ਪਿਆਰ ਤੇ ਹਿਰਖ, ਸਿਫਤ ਤੇ ਝਿੜਕ ਦਾ ਭਰ ਵਗਦਾ ਦਰਿਆ ਹੈ । ਹਰ ਸੁਰ-ਤਾਲ ਦਾ ਅਨੁਪਾਤ ਸਾਵਾਂ ਰੱਖਦਿਆਂ ਸ਼ਬਦਾਂ ‘ਚ ਸਾਰਥਕ ਅਰਥ ਭਰ ਕੇ ਆਪਣੀ ਸੁਹਿਰਦ ਸੋਚ ਜਾਂ ਅਹਿਸਾਸਾਂ ਨੂੰ ਕਵਿਤਾ/ਗ਼ਜ਼ਲਾਂ ਦੇ ਸੰਸਾਰ ਵਿੱਚ ਸਿਰਜ ਕੇ ਭਰਪੂਰ ਜ਼ਿੰਦਗੀ ਮਾਨਣ ਵਾਲਿਆਂ ਵਿੱਚ ਨਾਂ ਸ਼ਾਮਿਲ ਹੈ ਗੁਰਭਜਨ ਗਿੱਲ ਦਾ ।
ਸੁਰਤਾਲ ਕਾਵਿ ਸੰਗ੍ਰਹਿ ਦੀ ਪਹਿਲੀ ਹੀ ਗ਼ਜ਼ਲ ਕਵੀ ਦੇ ਉਦੇਸ਼ ਨੂੰ ਸੁਨੇਹੇ ਨੂੰ ਪਾਠਕਾਂ ਦੇ ਸਾਹਮਣੇ ਰੱਖ ਦਿੰਦੀ ਹੈ ।
“ਸੂਰਜ ਦੀ ਲਾਲੀ ਦਾ ਚਾਨਣ, ਹਰ ਥਾਂ ਰਹਿਮਤ ਬਣਕੇ ਚਮਕੇ
ਜਗਣ ਚਿਰਾਗ ਉਮੀਦਾਂ ਵਾਲੇ, ਲਿਸ਼ਕਣ ਚਿਹਰੇ ਕੋਟ ਮੁਬਾਰਕ”
ਆਧੁਨਿਕ ਸਮੇਂ ਵਿੱਚ ਹਰ ਕੋਈ ਮਨ ਤੇ ਮਨਾਂ ਮੂੰਹੀ ਭਾਰ ਚੁੱਕੀ ਫਿਰਦਾ ਹੈ ਤੇ ਉਡੀਕ ‘ਚ ਬੀਤਦੀ ਹੈ ਜ਼ਿੰਦਗੀ ਕਿ ਕਾਸ਼ ਕੋਈ ਸੁਨਣ-ਸਮਝਣ ਵਾਲਾ ਹੋਵੇ । ਗੁਰਭਜਨ ਗਿੱਲ ਨੇ ਕਿਸ ਖ਼ੂਬਸੂਰਤੀ ਨਾਲ ਇਹ ਗੱਲ ਆਖੀ ਹੈ ਕਿ –
“ਰੂਹ ਤੋਂ ਭਾਰ ਉਤਾਰਨ ਦੇ ਸਭ ਤਰਲੇ ਨੇ
ਓਦਾਂ ਕਿੱਥੇ ਮਨ ਉਲਥਾਇਆ ਜਾਂਦਾ ਹੈ”
ਕਵੀ ਵੀ ਆਪਣੀ ਰੂਹ ਤੇ ਪਏ ਭਾਰ ਨੂੰ ਸ਼ਬਦਾਂ ਰਾਹੀਂ ਬਿਆਨ ਕਰਕੇ ਆਪਣੀਆਂ ਦੱਬੀਆਂ ਭਾਵਨਾਵਾਂ, ਦੱਬੀਆਂ ਇੱਛਾਵਾਂ ਦੀ ਕਾਵਿਕ ਪੇਸ਼ਕਾਰੀ ਕਰਕੇ ਫਰਾਇਡ ਦੇ ਕਹਿਣ ਮੁਤਾਬਿਕ ਉਦਾਤੀਕਰਣ ਕਰ ਲੈਂਦਾ ਹੈ ਪਰ ਜਿਹੜਾ ਅਜਿਹਾ ਨਹੀਂ ਕਰ ਪਾਉਂਦਾ, ਉਸੇ ਨੂੰ ਤਾਂ ਮਾਨਸਿਕ ਮਨੋ ਗੁੰਝਲਾਂ ਬੇਚੈਨ ਕਰਦੀਆਂ ਹਨ ਤੇ ਸਮਾਜ ਵਿੱਚ ਇਸ ਤਰ੍ਹਾਂ ਦੇ ਮਾਨਸਿਕ ਤਨਾਅ/ਦਬਾਅ ਤੋਂ ਮੁਕਤੀ ਪਾਉਣ ਲਈ ਵੀ ਗੁਰਭਜਨ ਗਿੱਲ ਦੀਆਂ ਇਹ ਸਤਰਾਂ ਪ੍ਰੇਰਦੀਆਂ ਹਨ –
“ਨਾ ਬੋਲਾਂ ਤੇ ਦਮ ਘੁਟਦਾ ਹੈ, ਬੋਲਣ ਤੇ ਇਤਰਾਜ ਹੈ ਤੈਨੂੰ
ਜੀਂਦੇ ਜੀਅ ਤਾਂ ਰੂਹ ਦਾ ਪੰਛੀ, ਆਪਣੇ ਹੱਥੋਂ ਮਾਰ ਨਹੀਂ ਹੁੰਦਾ”
‘ਐਂਵੇਂ ਗੁੰਮਸੁੰਮ, ਗੁੰਮਸੁੰਮ, ਚੁੱਪਚਾਪ ਰਹਿਣਾ
ਏਦਾਂ ਗਮਾਂ ਦਾ ਪਹਾੜ, ਤੇਰੇ ਮਨ ਤੋਂ ਨਹੀਂ ਲਹਿਣਾ’
ਕਿਸੇ ਰਚਨਾ ਵਿੱਚ ਸ਼ਾਮਿਲ ਸਮਝਦਾਰੀ ਅਤੇ ਜੀਵਨ ਅਨੁਭਵ ਉਸ ਦਾ ਪ੍ਰਮੁੱਖ ਖਾਸਾ ਹੁੰਦੇ ਹਨ । ਕੋਈ ਰਚਨਾ ਜਦੋਂ ਪਾਠਕ ਦੀ ਸਮਝ ਦਾ ਹਿੱਸਾ ਬਣ ਕੇ ਉਹਦੇ ਜੀਵਨ ਅਨੁਭਵ ਨੂੰ ਹੋਰ ਅਮੀਰ ਕਰ ਦੇਵੇ । ਜ਼ਿੰਦਗੀ ਨੂੰ ਨਵੇਂ ਅਰਥਾਂ ਨਾਲ ਭਰ ਦੇਵੇ, ਉਹ ਰਚਨਾ ਉੱਤਮ ਸ਼੍ਰੇਣੀ ਵਿੱਚ ਆਉਂਦੀ ਹੈ । ਪਾਠਕ ਨੂੰ ਉਹ ਰਚਨਾ ਕਵੀ ਦੀ ਨਹੀਂ, ਆਪਣੀ ਲੱਗਣ ਲੱਗ ਪੈਂਦੀ ਹੈ ।
‘ਆ ਕੋਠੇ ਤੇ ਮੰਜੀਆਂ ਡਾਹ ਕੇ, ਤਾਰਿਆਂ ਦੇ ਸੰਗ ਗੱਲਾਂ ਕਰੀਏ,
ਚੁੱਪ ਨਾ ਬਹੀਏ, ਕੁਝ ਤਾਂ ਕਹੀਏ, ਮਨ ਦੇ ਸੱਖਣੇ ਕੋਨੇ ਭਰੀਏ’
ਕਵੀ ਮਨ ਦੇ ਜਿਸ ਸੱਖਣੇ ਕੋਨੇ ਦੀ ਗੱਲ ਕਰਦਾ ਹੈ ਤਾਂ ਇਹ ਸੱਖਣਾ ਕੋਨਾ ਹਰ ਮਨੁੱਖ ਦੇ ਅੰਦਰ ਥਾਂ ਬਣਾਈ ਬੈਠਾ ਹੈ । ਮਨੁੱਖ ਕੁਦਰਤ ਨਾਲ ਜੇ
ਇਕਮਿਕ ਹੋਵੇ ਤਾਂ ਸ਼ਾਇਦ ਮਨ ਹੌਲਾ ਹੋ ਜਾਵੇ । ਅੱਗੇ ਕਵੀ ਲਿੱਖਦਾ ਹੈ ਕਿ –
ਤਾਰੇ ਖਿੱਤੀਆਂ ਝੁਰਮਟ ਦਾ ਨਾ, ਰੱਖਿਆ ਆਪਾਂ ਛੜਿਆਂ ਦਾ ਰਾਹ
ਤੈਨੂੰ ਤਾਂ ਇਹ ਯਾਦ ਨਹੀਂ ਹੋਣਾ, ਬਾਲ ਵਰੇਸ ਵਿਆਹੀਏ ਵਰੀਏ ।
ਪੜ੍ਹਨ ਵਾਲੇ ਨੂੰ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਉਸ ਦੀ ਗੱਲ ਹੋ ਰਹੀ ਹੋਵੇ । ਬਾਲ ਵਰੇਸ ਵਿੱਚ ਪਤਾ ਨਹੀਂ ਕਿਹੜੀ-ਕਿਹੜੀ ਇੱਛਾ ਅਕਾਂਖਿਆ ਅਪੂਰਨ ਰਹਿ ਗਈ ਜੋ ਅੱਜ ਤੱਕ ਰੂਹ ਤੇ ਭਾਰ ਬਣੀ ਬੈਠੀ ਹੈ । ਅਚੇਤਨ ਨੂੰ ਖੰਘਾਲਦਾ ਹੈ ਕਵੀ ਤਾਂ ਚੇਤਨ ਮਨੁੱਖ ਦੀਆਂ ਅਚੇਤ ‘ਚ ਪਈਆਂ ਯਾਦਾਂ ਨੂੰ ਫਿਰ ਤਾਜ਼ਾ ਕਰ ਦਿੰਦਾ ਹੈ । ਉਸ ਨੂੰ ਬੀਤ ਗਏ ਬਚਪਨ ਅਤੇ ਹੋਈਆਂ ਬੀਤੀਆਂ ਘਟਨਾਵਾਂ ਨਾਲ ਜੋੜਦਾ ਹੈ ਤਾਂ ਜੋ ਉਸਦਾ ਕਥਾਰਸਿਸ (ਵਿਰੇਚਨ)ਹੋ ਸਕੇ, ਉਹ ਅਚੇਤ ‘ਚ ਦੱਬੀਆਂ ਪ੍ਰਵਿਰਤੀਆਂ ‘ਚੋਂ ਉਪਜੇ ਅਜੋਕੇ ਮਾਨਸਿਕ ਤਣਾਓ ਦੀਆਂ ਗੰਢਾਂ ਢਿੱਲੀਆਂ ਕਰ ਸਕੇ । ਇਕ ਥਾਂ ਕਿੰਨਾ ਖੂਬਸੂਰਤ ਵਰਨਣ ਕਰਦਾ ਹੈ ਕਵੀ ਕਿ –
‘ਸ਼ਹਿਦ ਰਲੇ ਗੁਲਕੰਦ ਵਰਗੀਆਂ, ਜਿੰਦੇ ਬਾਤਾਂ ਪਾਇਆ ਕਰ ਤੂੰ
ਅੰਦਰੋਂ ਅੰਦਰ ਰੂਹ ਨੂੰ ਗੰਢਾਂ, ਏਸ ਤਰ੍ਹਾਂ ਨਾ ਗੋਲ ਦਿਆ ਕਰ ।’
‘ਬਹੁਤ ਜਰੂਰੀ ਹੁੰਦਾ ਹੈ ਇਹ ਵੀ ਦਿਲ ਨੂੰ ਆਪਣਾ ਦਰਦ ਸੁਣਾਉਣਾ
ਸ਼ੀਸ਼ੇ ਸਨਮੁਖ ਸਾਵਧਾਨ ਹੋ, ਦਿਲ ਦੀ ਗਠੜੀ ਫੋਲ ਦਿਆ ਕਰ ।’
ਗੁਰਭਜਨ ਗਿੱਲ ਕਿਤੇ ਵੀ ਮੂਕ ਦਰਸ਼ਕ ਬਣ ਕੇ ਰਹਿਣ ‘ਚ ਯਕੀਨ ਨਹੀਂ ਰੱਖਦਾ, ਹਿੰਮਤ ਤੇ ਦਲੇਰੀ, ਨਿਧੜਕ ਹੋ ਜਿਊਣ ਦਾ ਸੁਨੇਹਾ ਦਿੰਦਾ ਹੈ ਹਰ ਪਲ । ਜ਼ਿੰਦਗੀ ਦਾ ਸੁਰ-ਤਾਲ ਤਾਂ ਹੀ ਠੀਕ ਰਹਿੰਦਾ ਹੈ ਜੇ ਕੁਸ਼ਲਤਾ ਨਾਲ ਸੰਤੁਲਨ ਬਣਾਉਣ ਦੀ ਜਾਚ ਆਉਂਦੀ ਹੋਵੇ । ਹਰ ਚੀਜ਼ ਦਾ ਮਾਪਤੋਲ ਪਤਾ ਹੋਵੇ । ਸੁਰ ਤਾਲ ਜ਼ਿੰਦਗੀ ਦਾ ਅਟੁੱਟ ਹਿੱਸਾ ਹੈ । ਇਹੀ ਸੰਤੁਲਨ ਡਗਮਗਾਉਂਦੇ ਰਾਹਾਂ ‘ਚੋਂ ਬਾਹਰ ਕੱਢਦਾ ਹੈ । ਜ਼ਿੰਦਗੀ ਦਾ ਹੁਨਰ ਸਿਖਾਉਂਦਾ ਹੈ ਤੇ ਫਿਰ ਕਾਵਿ ਸੁਰ ਆਪ ਹੀ ਖਣਕ ਉਠਦੇ ਹਨ ।
‘ਵਕਤ ਦੇ ਅੱਥਰੇ ਘੋੜੇ ਉੱਪਰ, ਮਾਰ ਪਲਾਕੀ ਚੜ੍ਹਿਆ ਹਾਂ ਮੈਂ
ਤੇਰੇ ਦਮ ਤੇ ਉੱਡਿਆ ਫਿਰਦਾਂ, ਪਹਿਲਾਂ ਸਾਂ ਮੈਂ ਡਰਿਆ ਡਰਿਆ ।’
‘ਕੌਣ ਕਿਸ ਦੀ ਖਾਤਰ ਮਰਦੈ, ਸੂਰਮਿਆ, ਜਾਂਬਾਜਾਂ ਤੋਂ ਬਿਨ
ਸੀਸ ਤਲੀ ਤੇ, ਪੈਰ ਧਾਰ ਤੇ, ਨਿਸ਼ਚੈ ਬਾਝੋਂ ਕਿਸੇ ਨੇ ਧਰਿਆ ।’
‘ਕੱਚੀਆਂ ਸਿੱਲੀਆਂ ਇੱਟਾਂ ਦਾ ਮੈਂ ਗਾਹਕ ਨਹੀਂ ਸੁਣ ਲਓ ਸਾਰੇ,
ਨਾਨਕਸ਼ਾਹੀ ਪੱਕੀਆਂ ਇੱਟਾਂ, ਸਿਦਕ ਸਲਾਮਤ ਮੇਰਾ ਕਰਿਆ ।’
ਸਿੱਧੇ ਰੱਖੇ ਜਾਂ ਰਹੇ ਅਮਲ ਦੇ ਪੈਰਾਂ ਉੱਤੇ ਇਕ ਨਟ ਵਾਂਗ ਸਮੇਂ ਦਾ ਸੰਤੁਲਨ ਕਾਇਮ ਰੱਖਣ ਲਈ ਫੜੇ ਹੋਏ ਸਿਧਾਂਤ ਦੇ ਲੰਬੇ ਬਾਂਸ ਤੇ ਉਹਦਾ ਧਿਆਨ ਇਕੋ ਜਿਹਾ ਕੇਂਦਰਿਤ ਹੈ । ਸਮੇਂ-ਸਮੇਂ ਤੇ ਰਾਜਨੀਤਿਕ ਬਦਲ ਜੋ ਸਰਕਾਰਾਂ ਦੇ ਰਹੀਆਂ ਹਨ ਤੇ ਆਮ ਲੋਕਾਈ ਨਿਰਾਸ਼ਾ ਵੱਲ ਤੁਰੀ ਜਾਂਦੀ ਹੈ । ਇਹੋ ਜਿਹੇ ਸਮਿਆਂ ‘ਚ ਵਿਸ਼ੇਸ਼ ਤੌਰ ਤੇ ਚੌਕੰਨਾ ਹੈ । ਗੁਰਭਜਨ ਗਿੱਲ ਤੇ ਚੇਤਾਵਨੀਆਂ ਦਿੰਦਾ ਹੈ ਕੀ ਆਪਣਾ ਆਪ ਡੋਲਣ ਨਹੀਂ ਦੇਣਾ।ਸਿਆਸਤ ਦੀਆਂ ਚਾਲਾਂ ਨੂੰ ਸਮਝੋ, ਕਲਮ ਨਾਲ ਵੰਗਾਰੋ, ਆਪਣਾ ਫਰਜ਼ ਨਿਭਾਓ । ਉਹ ਆਪ ਹੀ ਇਕ ਥਾਂ ਨਹੀਂ ਕਈ ਥਾਂਈਂ ਇਸ ਦਾ ਜ਼ਿਕਰ ਕਰਦਾ ਹੈ । ਉਸਦੀਆਂ ਲਿਖੀਆਂ ਕਈ ਸਤਰਾਂ ਮਨ ਦੇ ਧੁਰ ਅੰਦਰ ਦੀਆਂ ਤਰਬਾਂ ਤਾਂ ਹਿਲਾਉਂਦੀਆਂ ਹਨ । ਕਿਤੇ-ਕਿਤੇ ਕੰਬਣੀ ਵੀ ਛੇੜ ਦਿੰਦੀਆਂ ਹਨ । ਇਨਕਲਾਬ ਫੇਲ੍ਹ ਹੋ ਜਾਣ ਦਾ ਰੌਲਾ ਪਾਉਣ ਵਾਲੀਆਂ ਧਿਰਾਂ ਨੂੰ ਤਬਦੀਲੀ ਦੀ ਬੁਨਿਆਦੀ ਗੱਲ ਸਮਝਾਉਂਦਾ ਹੈ ।
“ਜਿਸ ਦੀ ਆਸ ਤੇ ਹੁੱਬਿਆ ਫਿਰਦੈ, ਇਹ ਵੀ ਬੱਦਲ ਛੱਟ ਜਾਣਾ ਹੈ
ਮਾਣ ਮਰਤਬੇ, ਉੱਚੀ ਕੁਰਸੀ, ਪਰਛਾਵਾਂ ਹੈ, ਛਾਂ ਨਹੀਂ ਹੁੰਦਾ ।”
“ਸਾਡੇ ਵਿੱਚ ਵੜਿਆ ਬੈਠਾ, ਹੁਕਮਰਾਨ ਦੇ ਰੂਪ ਚ ਰਾਵਣ
ਤੀਰ ਕਮਾਨ ਚਲਾਈਏ ਕਿੱਥੇ, ਅੰਦਰੋਂ ਦੁਸ਼ਮਣ ਮਾਰ ਨਹੀਂ ਹੁੰਦਾ ।”
“ਸਮਝਿਆ ਕਰ ਤੂੰ ਪਰਿੰਦੇ, ਇਹ ਸ਼ਿਕਾਰੀ ਬਹੁਤ ਤੇਜ਼
ਪਿੰਜਰੇ ਵਿੱਚ ਪਾਉਣ ਖਾਤਰ, ਚੋਗਾ ਪਾਉਂਦੇ ਚਾਲ ਨਾਲ ।”
ਬਾਬਾ ਨਜ਼ਮੀ ਨੇ ਗੁਰਭਜਨ ਗਿੱਲ ਬਾਰੇ ਸੱਚ ਲਿਖਿਆ ਹੈ ਕਿ ਉਹ ਰਾਹ ਦੱਸਣ ਵਾਲਾ ਰਾਹਨੁਮਾ ਵੀ ਏ ਜੋ ਸੋਚ ਸ਼ਊਰ ਦਾ ਦੀਵਾ ਫੜ ਕੇ ਨਵੀਂ ਪੀੜ੍ਹੀ ਦੇ ਅੱਗੇ ਹੋ ਤੁਰਦਾ ਹੈ । ਗੁਰਭਜਨ ਗਿੱਲ ਦੀਆਂ ਇਹ ਸਤਰਾਂ ਇਸੇ ਗੱਲ ਦੀ ਪ੍ਰੋੜਤਾ ਕਰਦੀਆਂ ਹਨ ।
“ਆਦਿ ਜੁਗਾਦ ਸੱਚ ਤੇ ਪਹਿਰਾ, ਦੇਣ ਲਈ ਮੈਂ ਹਾਜ਼ਰ-ਨਾਜ਼ਰ
ਜ਼ਬਰ ਜ਼ੁਲਮ ਨੂੰ ਮੇਟਣ ਦੇ ਲਈ, ਚਾਨਣ ਦਾ ਹਮਸ਼ੀਰ ਬਣਾਂਗਾ ।”
ਗੁਰਭਜਨ ਗਿਲ ਦੀ ਸ਼ਾਇਰੀ ਇਸ ਗੱਲ ਕਰਕੇ ਵੀ ਬਹੁਤ ਪ੍ਰਭਾਵਿਤ ਕਰਦੀ ਹੈ ਕਿ ਉਹ ਸਮਕਾਲ ਨੂੰ ਸਮਝ ਕੇ ਮਾਨਵੀ ਨਜ਼ਰੀਏ ਤੋਂ ਇਸ ਨੂੰ ਬਿਆਨ ਕਰਦਾ ਹੈ । ਫਿਰਕਾਪ੍ਰਸਤੀ ਅਤੇ ਬਾਜ਼ਾਰ ਨੂੰ ਉਹ ਤਥਾਕਥਿਤ ਮੁੱਖਧਾਰਾ ਦੇ ਹਥਿਆਰਾਂ ਵਜੋਂ ਪਛਾਣਦਾ ਹੈ । ਇਸ ਅੱਜ ਦੇ ਪੂੰਜੀਵਾਦੀ ਵਰਤਾਰੇ ਨੂੰ ਬਹੁਤ ਗਹਿਰਾਈ ‘ਚ ਜਾ ਕੇ ਦੇਖਦਾ ਹੈ । ਮਨੁੱਖੀ ਸੰਵੇਦਨਾ ਨੂੰ ਵਸਤਾਂ ਵਿੱਚ ਵਟਾਉਣ ਦੇ ਕਾਰਜ ਵਿੱਚ ਲੱਗੀਆਂ ਧਿਰਾਂ ਦੀ ਚਲਾਕੀ ਬਾਖੂਬੀ ਪਛਾਣਦਾ ਹੈ ।
“ਫੇਰ ਛਪਾਰ ਦੇ ਮੇਲੇ ਅੰਦਰ ਜੋਗੀ ਨਾਥ ਵਜਾਵਣ ਬੀਨਾਂ
ਗੁੱਗਾ ਪੀਰ ਵਖਾ ਕੇ ਛਲੀਆ, ਜਨਤਾ ਵੇਖਿਓ ਛਲ ਜਾਵੇਗਾ ।”
“ਚਾਰ ਚੁਫ਼ੇਰੇ ਭੀੜ ਬੜੀ ਹੈ, ਵੰਨ ਸੁਵੰਨੇ ਸ਼ੋਰ ਦਾ ਜੰਗਲ
ਮਨ ਦਾ ਮੋਰ ਧਰਤ ਨੂੰ ਸਹਿਕੇ, ਕਿਹੜੀ ਥਾਂ ਤੇ ਪੈਲਾਂ ਪਾਵਾਂ ।”
ਭਾਸ਼ਾ ਦੀਆਂ ਤਿੰਨ ਮੁੱਖ ਸ਼ਬਦ ਸ਼ਕਤੀਆਂ ਅਭਿਧਾ, ਲਕਸ਼ਣਾ ਅਤੇ ਵਿਅੰਜਨਾਂ ਵਿੱਚੋਂ ਵਿਅੰਗ ਲਈ ਵਿਅੰਜਨਾ ਸ਼ਬਦ ਸ਼ਕਤੀ ਦੀ ਵਰਤੋਂ ਅਹਿਮ ਹੁੰਦੀ ਹੈ । ਵਿਅੰਜਨਾ ਸ਼ਬਦ ਸ਼ਕਤੀ ਦੀ ਇਹ ਖਾਸੀਅਤ ਹੁੰਦੀ ਹੈ ਕਿ ਇਸ ਵਿੱਚੋਂ ਪੈਦਾ ਹੋਣ ਵਾਲੇ ਅਰਥ ਕਹੇ ਗਏ ਕਥਨ ਨਾਲੋਂ ਵੱਖਰਾ ਅਤੇ ਗੁੱਝਾ ਅਰਥ ਦਿੰਦੇ ਹਨ । ਇਹਨਾਂ ਗੁੱਝੇ ਅਰਥਾਂ ਵਿੱਚ ਵੀ ਵਿਅੰਗ ਛੁਪਿਆ ਹੁੰਦਾ ਹੈ । ਗੁਰਭਜਨ ਗਿੱਲ ਨੇ ਆਪਣੀਆਂ ਗ਼ਜ਼ਲਾਂ ਵਿੱਚ ਇਸ ਦੀ ਭਰਪੂਰ ਵਰਤੋਂ ਕੀਤੀ ਹੈ । ਮਨੁੱਖ ਦੇ ਅੰਦਰਲੇ ਡਰ, ਬੇਯਕੀਨੀਆਂ, ਭਿੰਨਤਾਵਾਂ ਅਤੇ ਬਾਹਰੀ ਮਸਨੂਈ ਵਿਹਾਰ ਚੋਂ ਉਭਰਣ ਲਈ ਉਹ ਮੈਂ ਤੇ ਤੂੰ ਦਾ ਸੰਵਾਦ ਰਚਾਉਂਦਾ ਹੈ ।
“ਵੇਚਦੇ ਨੇ ਜ਼ਹਿਰ ਤੇ ਸਿਆਸਤਾਂ ਸਵੇਰ ਸ਼ਾਮ
ਮਾਖਿਓਂ ਮਖ਼ੀਰ ਕਿਵੇਂ ਰੱਖਦੇ ਜ਼ਬਾਨਾਂ ਵਿੱਚ”
“ਢੇਰੀ ਢਾਹ ਕੇ ਬਹਿ ਜਾਂਦਾ ਏ, ਏਸ ਤਰ੍ਹਾਂ ਨਾ ਕਰਿਆ ਕਰ ਤੂੰ
ਮਰਨ ਦਿਹਾੜਾ ਜੇਕਰ ਮਿਥਿਆ, ਜੀਂਦੇ ਜੀਅ ਨਾ ਮਰਿਆ ਕਰ ਤੂੰ”
ਕਿਸ ਖ਼ੂਬਸੂਰਤੀ ਨਾਲ ਜ਼ਿੰਦਗੀ ਜਿਊਣ ਦਾ ਸੁਨੇਹਾ ਹੈ ਇਨ੍ਹਾਂ ਸਤਰਾਂ ਵਿੱਚ । ਇਹ ਪੜ੍ਹ ਕੇ ਹਾਰਿਆ ਹੋਇਆ ਵੀ ਹਿੰਮਤ ਤੇ ਉਤਸ਼ਾਹ ਵਿੱਚ ਆ ਜਾਂਦਾ ਹੈ. ਹੋਰ ਜਿਵੇਂ-ਜਿਵੇਂ ਅਗਲੇ ਸ਼ਿਅਰ ਨੂੰ ਪੜ੍ਹੀਏ ਤਿਓਂ-ਤਿਓਂ ਜ਼ਿੰਦਗੀ ਨਿਧੜਕ ਜਿਊਣ ਦਾ ਵਲ ਜਿਹਾ ਆਉਣ ਲੱਗ ਪੈਂਦਾ ਹੈ ਤੇ ਜਦੋਂ ਅਜਿਹਾ ਪਾਠਕ ਮਹਿਸੂਸ ਕਰਦਾ ਹੈ ਤਾਂ ਇਹੀ ਤਾਂ ਕਵੀ ਦੀ ਭਾਸ਼ਾ ਦੀ ਖੂਬਸੂਰਤੀ ਹੈ, ਕਮਾਲ ਹੈ । ਕਹਿੰਦੇ ਹਨ ਭਾਸ਼ਾ ਤਾਂ ਰਤਨ ਪਦਾਰਥਾਂ ਮਾਣਕਾਂ ਦਾ ਭਰਿਆ ਇਕ ਸਰੋਵਰ ਹੈ, ਜਿਸ ਨੂੰ ਰੱਜ-ਰੱਜ ਵਰਤਿਆਂ ਵੀ ਤੋਟ ਨਹੀਂ ਆਉਂਦੀ । ਗੁਰਭਜਨ ਗਿਲ ਸ਼ਬਦਾਂ ਦੀ ਭਰ-ਭਰ ਮੁੱਠੀਆਂ ਵੰਡਣ ਵਾਲਿਆਂ ਚ ਸ਼ਾਮਿਲ ਦਲੇਰ ਦਾਨਵੀਰ ਹੈ ਜੋ ਉਹ ਭਾਸ਼ਾ ਨੂੰ ਮਾਣ, ਪਿਆਰ, ਸਤਿਕਾਰ ਅਜਿਹਾ ਕਰਕੇ ਦੇ ਰਿਹਾ ਹੈ ਹੋਰਾਂ ਨੂੰ ਵੀ ਇਹੀ ਕਰਨ ਲਈ ਉਤਸ਼ਾਹਿਤ ਵੀ ਨਾਲੋਂ-ਨਾਲ ਕਰੀ ਜਾਂਦਾ ਹੈ । ਸੁੱਤਿਆਂ ਪਾਣੀਆਂ ਨੂੰ ਜਗਾਉਂਦਿਆਂ ਕਿੰਨੀ ਖ਼ੂਬਸੂਰਤੀ ਨਾਲ ਆਪਣੀ ਗਲ ਟੁਣਕਾ ਕੇ ਕਹਿ ਜਾਂਦਾ ਹੈ ਕਿ ਸੁਨਣ ਪੜ੍ਹਨ ਵਾਲਾ ਮੰਤਰ ਮੁਗਧ ਹੋਏ ਬਿਨਾਂ ਰਹਿ ਹੀ ਨਹੀਂ ਸਕਦਾ । ਸ਼ਿਅਰ ਵਿੱਚ ਲੁਕੀ ਸੰਵੇਦਨਾ ਹਰ ਪੜ੍ਹਨ ਵਾਲੇ ਨੂੰ ਇਕ ਵੱਖਰੇ ਹੀ ਸੁਖੀ ਸੰਸਾਰ ਦਾ ਦੀਦਾਰ ਕਰਵਾਉਂਦੀ ਹੈ ।
“ਤੂੰ ਧਰਤੀ ਤੋਂ ਸਬਕ ਲਿਆ ਕਰ, ਇਹ ਵੀ ਤਾਂ ਡੋਲੇ ਤੇ ਸੰਭਲੇ
ਜੇ ਘਿਰ ਜਾਵੇ ਕੱਲਾ ਕਿਧਰੇ ਇਹ ਸਦਮੇ ਵੀ ਜਰਿਆ ਕਰ ਤੂੰ ।”
“ਨਿੱਕੀਆਂ ਨਿੱਕੀਆਂ ਗੰਢਾਂ ਬੰਨ੍ਹ ਕੇ ਮਨ ਅੰਦਰ ਵਿੱਚ ਰੱਖਿਆ ਨਾ ਕਰ
ਸਫ਼ਰ ਸਮੇਂ ਵਿੱਚ ਇਹ ਬਹੁਤੇ ਨਗ ਵੀ ਬੰਦੇ ਖ਼ਾਤਰ ਭਾਰੇ ਬਣਦੇ ।”
“ਹਮੇਸ਼ਾ ਢਾਲ ਹੀ ਬਣਨਾ, ਕਦੇ ਹਥਿਆਰ ਨਹੀਂ ਬਣਨਾ
ਤੁਸੀਂ ਰਾਹਾਂ ਚ ਛਾਂ ਬਣਨਾ, ਕਦੇ ਦੀਵਾਰ ਨਹੀਂ ਬਣਨਾ ।”
ਪਿਆਰ ਦੀ ਗੱਲ ਕਰਨੀ ਹੋਵੇ, ਧੀਆਂ ਧਿਆਣੀਆਂ ਦੀ ਗੱਲ ਕਰਨੀ ਹੋਵੇ, ਮੁਹੱਬਤੀ ਰਿਸ਼ਤਿਆਂ ਨੂੰ ਸੰਬੋਧਨ ਕਰਨਾ ਹੋਵੇ ਤਾਂ ਉਹ ਬੇਹੱਦ ਕੋਮਲ ਚਿੱਤ ਹੈ ਪਰ ਜਦੋਂ ਰੋਹ ਦੀ ਗੱਲ ਕਰਨੀ ਹੋਵੇ ਤਾਂ ਪੂਰਾ ਰੋਹ ਵਿੱਚ ਆ ਕੇ ਸ਼ਬਦਾਂ ਨੂੰ ਨਵਾਂ ਜਾਮਾ ਪਹਿਨਾਉਂਦਾ ਹੈ । ਕਹਿੰਦੇ ਨੇ ਕਿ ਚੰਗੀ ਕਵਿਤਾ ਓਹੀਓ ਹੁੰਦੀ ਹੈ ਜਿਹੜੀ ਬੋਲੇ ਹੌਲੀ-ਹੌਲੀ ਪਰ ਭੀੜ ਪਵੇ ਤਾਂ ਦੁਰਗਾ ਬਣ ਜਾਵੇ । ਇਹ ਦੋਵੇਂ ਰੰਗਾਂ ਨਾਲ ਤੁਰਦੀ ਹੈ ਗੁਰਭਜਨ ਗਿੱਲ ਜੀ ਦੀ ਸ਼ਾਇਰੀ ਤੇ ਸੁਰ ਤਾਲ, ਤਾਲ ਤੋਂ ਬਿਨ ਸੁਰ ਨਹੀਂ ਬਣਦਾ ਤੇ ਸੁਰ ਬਿਨ ਤਾਲ ਨਹੀਂ । ਜਦੋਂ ਦੋਵੇਂ ਸੰਤੁਲਨ ਚ ਹੁੰਦੇ ਹਨ ਤਾਂ ਸੁਣਨ ਵਾਲੇ ਮੰਤਰ ਮੁਗਧ ਆਪੇ ਹੀ ਹੋ ਜਾਂਦੇ ਹਨ । ਉਨ੍ਹਾਂ ਦੇ ਹੱਥਾਂ ਦੀਆਂ ਉਂਗਲਾਂ ਆਪ ਮੁਹਾਰੇ ਤਾਲ ਨਾਲ ਤੇ ਸੁਰ ਨਾਲ ਨਾਲ ਨੱਚ ਉਠਦੀਆਂ ਹਨ । ਪੱਬਾਂ ਚ ਹਰਕਤ ਆ ਜਾਂਦੀ ਹੈ ਤੇ ਮਸਤਕ ਆਨੰਦਮਗਨ ਹੋ ਕੇ ਝੂਮਣ ਲੱਗ ਪੈਂਦਾ ਹੈ । ਇਸੇ ਸੁਰ-ਤਾਲ ਦਾ ਸੰਗਮ ਹੈ ਗੁਰਭਜਨ ਗਿਲ ਦੀ ਕਵਿਤਾ ਸ਼ਾਇਰੀ ਜੋ ਸੁਰਤਾਲ ਕਾਵਿ-ਸੰਗ੍ਰਹਿ ਵਿੱਚ ਪਾਠਕਾਂ ਸਰੋਤਿਆਂ ਦੇ ਸਨਮੁੱਖ ਹੋਈ ਹੈ ।
ਗੁਰਭਜਨ ਗਿਲ ਇਕ ਬਹੁਤ ਹੀ ਜ਼ਹੀਨ ਅਦਬੀ ਸ਼ਖਸੀਅਤ ਹਨ ਤੇ ਅਸੀਂ ਉਨ੍ਹਾਂ ਬਾਰੇ ਲਿਖਣ ਲੱਗਿਆਂ ਸੌ ਵਾਰੀ ਸੋਚਦੇ ਹਾਂ ਪਰ ਉਸ ਦੀਆਂ ਹੀ ਸਤਰਾਂ ਇਹ ਜਾਚ ਸਿਖਾਉਂਦੀਆਂ ਹਨ ਕਿ
‘ਮੈਂ ਵੀ ਤੇਰੇ ਨਾਲ ਬਰਾਬਰ, ਧਿਰ ਬਣ ਮਸ਼ਾਲ ਖੜ੍ਹਾ
ਬੋਲ ਜ਼ਰਾ ਤੂੰ ਕਿਹੜੀ ਗੱਲ ਦਾ, ਰੂਹ ਤੇ ਰੱਖਦੈ ਭਾਰ ਓ ਯਾਰ ।’
‘ਇਹ ਉਪਦੇਸ਼ ਭੁਲਾਇਆ ਨਾ ਕਰ ਤੂੰ ਸਭ ਨੂੰ ਸੁਣੀਏ, ਸਭ ਨੂੰ ਕਹੀਏ
ਗੂੰਗਿਆ ਤੂੰ ਤੇ ਚੁੱਪ ਕਰ ਜਾਂਦੈਂ, ਸ਼ਬਦ ਹੁੰਗਾਰਾ ਭਰਿਆ ਕਰ ਤੂੰ ।’
ਗੁਰਭਜਨ ਗਿੱਲ ਦੀ ਗਜ਼ਲ ਪੜ੍ਹਦਿਆਂ ਇਕ ਯੂਨਾਨੀ ਮਿਥ ਕਥਾ ਯਾਦ ਆਉਂਦੀ ਹੈ ਕਿ ਸਿਸੀਪਸ ਨੂੰ ਮਨੁੱਖਾਂ ਦੀ ਮਦਦ ਕਰਨ ਬਦਲੇ ਇਹ ਸਰਾਪ ਮਿਲਿਆ ਹੋਇਆ ਸੀ ਕਿ ਇਕ ਭਾਰੀ ਪੱਥਰ ਨੂੰ ਪਹਾੜ ਦੀ ਚੋਟੀ ਤੇ ਲੈ ਕੇ ਜਾਏ, ਪਰ ਜਿਉਂ ਹੀ ਸਿਸੀਪਸ ਚੋਟੀ ਦੇ ਨੇੜੇ ਪਹੁੰਚਦਾ ਤਾਂ ਉਹ ਪੱਥਰ ਰੁੜ ਕੇ ਪਹਾੜ ਦੇ ਪੈਰਾਂ ਵਿਚ ਆ ਜਾਂਦਾ, ਪਰ ਸਿਸੀਪਸ ਫੇਰ ਕੋਸ਼ਿਸ਼ ਕਰਦਾ ਪੱਥਰ ਫੇਰ ਲੁੜਕ ਜਾਂਦਾ, ਸਿਸੀਪਸ ਉਸ ਪੱਥਰ ਨੂੰ ਵੇਖ ਕੇ ਮੁਸਕਰਾ ਪੈਂਦਾ ਤੇ ਫੇਰ ਨਵੀਂ ਕੋਸ਼ਿਸ਼ ਵਿਚ ਜੁੜ ਜਾਂਦਾ, ਸਿਸੀਪਸ ਦੀ ਇਹ ਮੁਸਕਰਾਹਟ ਮੈਂਨੂੰ ਗੁਰਭਜਨ ਗਿਲ ਦੀ ਮੁਸਕਰਾਹਟ ਲੱਗਦੀ ਹੈ ਗੁਰਭਜਨ ਗਿੱਲ ਦੀ ਇਸ ਮੁਸਕਰਾਹਟ ਵਿਚ ਹੀ ਉਸ ਦੀ ਸ਼ਾਇਰੀ ਦਾ ਸਾਰਾ ਭੇਤ ਛੁਪਿਆ ਹੋਇਆ ਹੈ । ਇਕ ਚੇਤੰਨ ਲੇਖਕ ਵਜੋਂ ਉਹ ਕਿਸੇ ਵਿਚਾਰਧਾਰਾ ਨਾਲ ਆਪਣੀ ਸਾਮਗ੍ਰੀ ਨੂੰ ਰੂਪਵਿਧਾਨ ਵਿਚ ਨਹੀਂ ਬੰਨ੍ਹਦਾ ਸਗੋਂ ਮਨੁੱਖ ਸਥਿਤੀ ਨੂੰ ਆਪਣੇ ਅੰਦਰ ਹੰਢਾ ਕੇ ਆਪਣੇ ਅਨੁਭਵ ਰਾਹੀਂ ਕਿਸੇ ਉਚਿਤ ਰੂਪ ਵਿਧਾਨ ਦੁਆਰਾ ਅਭਿਵਿਅਕਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਸਮਾਜਿਕ ਦੁਨੀਆਂ ਨਾਲ ਜੋੜ ਕੇ ਮਨੁੱਖਤਾਵਾਦ ਦੀ ਪ੍ਰਤਿਬਧਤਾ ਵਲ ਅਗਰਸਰ ਹੁੰਦਾ ਹੈ।