‘ਗੁਰਪਤਵੰਤ ਸਿੰਘ ਪੰਨੂੰ’ ਖਿਲਾਫ ਦੇਸ਼ਧ੍ਰੋਹ ਦਾ ਕੇਸ ਦਰਜ
15 ਅਗਸਤ ਨੂੰ ਝੰਡਾ ਨਾ ਲਹਿਰਾਉਣ ਦੇਣ ਦੀ ਦਿੱਤੀ ਸੀ ਧਮਕੀ
ਚੰਡੀਗੜ੍ਹ,6 ਅਗਸਤ(ਵਿਸ਼ਵ ਵਾਰਤਾ) ਹਰਿਆਣਾ ਦੇ ਗੁਰੂਗ੍ਰਾਮ ਜਿਲ੍ਹੇ ਦੇ ਸਾਈਬਰ ਕ੍ਰਾਇਮ ਪੁਲਿਸ ਥਾਣੇ ਵਿੱਚ ਪਾਬੰਦੀਸ਼ੁਦਾ ਖ਼ਾਲਿਸਤਾਨ ਪੱਖੀ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਅਤੇ ਉਸਦੇ ਸਾਥੀਆਂ ਖਿਲਾਫ ਦੇਸ਼ਧ੍ਰੋਹ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਇਹ ਕੇਸ ਪਿਛਲੇ ਦਿਨੀਂ ਵਾਇਰਲ ਹੋਏ ਆਡੀਓ-ਵੀਡੀਓ ਮੈਸੇਜ਼ ਦੇ ਆਧਾਰ ਤੇ ਕੀਤਾ ਗਿਆ ਹੈ,ਜਿਸ ਵਿੱਚ ਪੰਨੂੰ ਨੇ ਹਰਿਆਣਾ ਸਰਕਾਰ ’ਤੇ ਪੰਜਾਬੀਆਂ ਅਤੇ ਸਿੱਖਾਂ ਦੇ ਵਿਰੋਧੀ ਹੋਣ ਦੇ ਇਲਜ਼ਾਮ ਲਗਾਉਂਦਿਆਂ 15 ਅਗਸਤ ਨੂੰ ਭਾਰਤੀ ਤਿਰੰਗਾ ਝੰਡਾ ਨਾ ਲਹਿਰਾਉਣ ਦੇਣ ਦੀ ਧਮਕੀ ਦਿੱਤੀ ਸੀ।
ਦੱਸ ਦਈਏ ਕਿ ਸਿੱਖਸ ਫਾਰ ਜਸਟਿਸ ਨੂੰ ਅੱਤਵਾਦੀ ਜੱਥੇਬੰਦੀ ਐਲਾਨ ਕਰਦਿਆਂ ਸਰਕਾਰ ਨੇ ਸਾਲ 2010 ਵਿੱਚ ਹੀ ‘ਅਨਲਾਫ਼ੁਲ ਐਕਟਵੀਟੀਜ਼ ਪ੍ਰੀਵੈਨਸ਼ਨ ਐਕਟ’ ਤਹਿਤ ਉਸ ਉੱਤੇ ਪਾਬੰਦੀ ਲਗਾ ਦਿੱਤੀ ਸੀ।
ਹਰਿਆਣਾ ਪੁਲਿਸ ਦੇ ਐਸ.ਟੀ.ਐਫ. ਦੇ ਇੰਸਪੈਕਟਰ ਮਦਨ ਲਾਲ ਦੀ ਸ਼ਿਕਾਇਤ ’ਤੇ ਪੰਨੂੰ ਅਤੇ ਉਸਦੇ ਸਾਥੀਆਂ ਖਿਲਾਫ ਧਾਰਾ 10 ਏ ਅਤੇ 13 ‘ਅਨਲਾਅਫ਼ੁਲ ਐਕਟੀਵੀਟੀਜ਼ ਪ੍ਰੀਵੈਨਸ਼ਨ ਐਕਟ’ ਅਤੇ ਆਈ.ਪੀ.ਸੀ. ਦੀ ਧਾਰਾ 124 ਏ ਅਤੇ 153 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।