72 ਘੰਟੇ ਵਿੱਚ ਕਿਸਾਨਾਂ ਦੀ ਦੂਜੀ ਵੱਡੀ ਮਹਾਪੰਚਾਇਤ
ਗੁਰਨਾਮ ਚੜੂੰਨੀ ਤੇ ਰਾਕੇਸ਼ ਟਿਕੈਤ ਸਮੇਤ ਕਈ ਵੱਡੇ ਕਿਸਾਨ ਨੇਤਾ ਪਹੁੰਚੇ ਅਨਾਜ ਮੰਡੀ ਕਰਨਾਲ
ਕਰਨਾਲ,7 ਸਤੰਬਰ(ਵਿਸ਼ਵ ਵਾਰਤਾ) ਕਿਸਾਨ ਆਗੂਆਂ ਵੱਲੋਂ 5 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਮੁੱਜ਼ਰਫਰਨਗਰ ਵਿੱਚ ਕਿਸਾਨ ਮਹਾਪੰਚਾਇਤ ਦੇ ਆਯੋਜਨ ਦੇ ਮਹਜ਼ 72 ਘੰਟਿਆਂ ਦੇ ਅੰਦਰ ਹੀ ਅੱਜ ਕਰਨਾਲ ਦੀ ਆਨਾਜ਼ ਮੰਡੀ ਵਿੱਚ ਫੇਰ ਤੋਂ ਕਿਸਾਨਾਂ ਦੀ ਅਜਿਹੀ ਹੀ ਮਹਾਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਹਾਲਾਂਕਿ ਪ੍ਰਸ਼ਾਸ਼ਨ ਨੇ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ ਪਰ ,ਫੇਰ ਵੀ ਭਾਰੀ ਗਿਣਤੀ ਵਿੱਚ ਆਸ ਪਾਸ ਦੇ ਕਿਸਾਨ ਮੰਡੀ ਵਿੱਚ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਕਰਨਾਲ ਸਮੇਤ ਇਸ ਦੇ ਨਾਲ ਲੱਗਦੇ ਚਾਰ ਹੋਰ ਜ਼ਿਲ੍ਹਿਆਂ ਕੁਰਕੁਸ਼ੇਤਰ,ਕੈਥਲ,ਜੀਂਦ ਅਤੇ ਪਾਨੀਪਤ ਵਿੱਚ ਇੰਟਰਨੈੱਟ ਅਤੇ ਮੋਬਾਇਲ ਐਸਐਮਐਸ ਸੇਵਾਂਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ,ਗੁਰਨਾਮ ਸਿੰਘ ਚੜੂੰਨੀ, ਰਾਕੇਸ਼ ਟਿਕੈਤ ਅਤੇ ਦਰਸ਼ਨ ਪਾਲ ਵੀ ਕਰਨਾਲ ਅਨਾਜ ਮੰਡੀ ਪਹੁੰਚ ਗਏ ਹਨ।
ਦੱਸ ਦਈਏ ਕਿ ਇਸ ਮਹਾਪੰਚਾਇਤ ਦਾ ਐਲਾਨ 28 ਅਗਸਤ ਨੂੰ ਪੁਲਿਸ ਦੁਆਰਾ ਕੀਤੇ ਗਏ ਲਾਠੀਚਾਰਜ ਵਿੱਚ ਮਾਰੇ ਗਏ ਕਿਸਾਨਦੇ ਪਰਿਵਾਰ ਅਤੇ ਹੋਰ ਜ਼ਖਮੀਆਂ ਨੂੰ ਮੁਆਵਜਾ ਦੇਣ ਅਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਧਿਕਾਰੀ ਨੂੰ ਬਰਖ਼ਾਸਤ ਕਰਨ ਦੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਸੀ।ਕਿਸਾਨਾਂ ਨੇ ਕਰਨਾਲ ਦੀ ਮਿੰਨੀ ਸਕੱਤਰੇਤ ਨੂੰ ਘੇਰਨ ਦੀ ਵੀ ਗੱਲ ਕਹੀ ਸੀ। ਜਿਸ ਦੇ ਮੱਦੇਨਜ਼ਰ ਪ੍ਰਸ਼ਾਸ਼ਨ ਨੇ ਸੀਆਰਪੀਐਫ ਦੀਆਂ 40 ਦੇ ਕਰੀਬ ਟੁਕੜੀਆਂ ਸ਼ਹਿਰ ਵਿੱਚ ਤੈਨਾਤ ਕਰ ਦਿੱਤੀਆਂ ਹਨ।