ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸ੍ਰੀ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ
ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਵੰਡਿਆ ਬੂਟਿਆ ਦਾ ਪ੍ਰਸ਼ਾਦ
ਸੰਤ ਦਇਆ ਸਿੰਘ ਜੀ ਦੀ ਪਹਿਲੀ ਬਰਸੀ 31 ਜੁਲਾਈ ਨੂੰ
ਸੁਲਤਾਨਪੁਰ ਲੋਧੀ, 5 ਜੁਲਾਈ (ਵਿਸ਼ਵ ਵਾਰਤਾ):-ਗੁਰਦੁਆਰਾ ਟਾਹਲੀ ਸਾਹਿਬ ਬਲੇ੍ਹਰਖਾਨਪੁਰ ‘ਚ ਛੇਵੀਂ ਪਾਤਿਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾਪੂਰਵਕ ਮਨਾਇਆ ਗਿਆ।ਇਸ ਅਸਥਾਨ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੀ ਛੋਹ ਪ੍ਰਾਪਤ ਹੈ। ਇਤਿਹਾਸ ਵਿੱਚ ਇਹ ਤਾਰੀਕ ਦਰਜ ਹੈ ਕਿ ਜਦੋਂ ਗੁਰੁ ਸਾਹਿਬ ਇਧਰੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਇਸੇ ਅਸਥਾਨ ‘ਤੇ ਉਤਾਰਾ ਕੀਤਾ ਸੀ। ਇਹ ਸਲਾਨਾ ਜੋੜਮੇਲਾ ਇਸ ਵਾਰ ਬ੍ਰਹਮ ਗਿਆਨੀ ਸੰਤ ਦਇਆ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਰਦਿਆ ਵਣਮਹਾਂ-ਉਤਸਵ ਦੇ ਰੂਪ ਵਿੱਚ ਮਨਾਇਆ ਗਿਆ। ਗੁਰਦੁਆਰਾ ਟਾਹਲੀ ਸਾਹਿਬ ਵਿੱਚ ਮਨਾਏ ਜਾਂਦੇ ਇਸ ਸਾਲਾਨਾ ਜੋੜ ਮੇਲੇ ਦੌਰਾਨ ਜਿੱਥੇ ਗੁਰਮਿਤ ਵਿਚਾਰਾਂ ਅਤੇ ਪੰਥਕ ਮਸਲਿਆਂ ਬਾਰੇ ਗੁਰਬਾਣੀ ਦੇ ਆਸ਼ੇ ਮੁਤਾਬਿਕ ਸੰਗਤਾਂ ਵੱਡੀ ਗਿਣਤੀ ਵਿੱਚ ਜੁੜ ਬੈਠਦੀਆਂ ਹਨ ਉਥੇ ਪੰਜਾਬ ਦੇ ਨਿੱਘਾਰ ਵੱਲ ਜਾ ਰਹੇ ਵਾਤਾਵਰਣ ਨੂੰ ਬਚਾਉਣ ਅਤੇ ਲੋਕ ਲਹਿਰ ਖੜੀ ਕਰਨ ਦੇ ਇਰਾਦੇ ਨਾਲ ਵੱਡੇ ਪੱਧਰ ‘ਤੇ ਬੂਟੇ ਵੰਡੇ ਜਾਂਦੇ ਹਨ।
ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੱਛਲੇ ਸਾਲ ਬ੍ਰਹਮਲੀਨ ਹੋਏ ਸੰਤ ਦਇਆ ਸਿੰਘ ਜੀ ਨੂੰ ਯਾਦ ਕਰਦਿਆ ਕਿਹਾ ਕਿ ਉਨ੍ਹਾ ਨੇ ਆਪਣਾ ਸਾਰਾ ਜੀਵਨ ਦੀਨ ਦੁਖੀਆਂ ਦੀ ਸੇਵਾ ਵਿੱਚ ਲਾ ਦਿੱਤਾ ਸੀ। ਉਨ੍ਹਾ ਕਿਹਾ ਕਿ ਸੰਤ ਦਇਆ ਸਿੰਘ ਜੀ ਸੱਚਮੁਚ ਹੀ ਨਿਰਮਤਾ ਦੇ ਪੁੰਜ ਸਨ। ਉਨ੍ਹਾ ਨੇ ਜਿੱਥੇ ਪੁਰਾਤਨ ਗ੍ਰੰਥਾਂ ਦੇ ਗਿਆਤਾ ਸਨ ਉਥੇ ਉਨ੍ਹਾਂ ਨੇ ਦੇਸੀ ਦਵਾਈਆਂ ਵਿੱਚ ਬਹੁਤ ਜ਼ਿਆਦਾ ਮਹਾਰਤ ਹਾਸਿਲ ਕੀਤੀ ਹੋਈ ਸੀ। ਬਹੁਤ ਸਾਰੀਆਂ ਬੀਮਾਰੀਆਂ ਦੇ ਇਲਾਜ ਲਈ ਉਨ੍ਹਾਂ ਨੇ ਆਪਣੀ ਤਿਆਰ ਕੀਤੀ ਵਿਧੀ ਨਾਲ ਹੀ ਮਰੀਜ਼ਾਂ ਦਾ ਬੜੀ ਸਫਲਤਾਪੂਰਵਕ ਇਲਾਜ ਕੀਤਾ ਸੀ। ਵਾਤਾਵਰਣ ਬਾਰੇ ਚਲਾਈ ਜਾ ਰਹੀ ਲਹਿਰ ਵਿੱਚ ਵੀ ਉਨ੍ਹਾਂ ਨੇ ਮੋਹਰੀ ਭੂਮਿਕਾ ਨਿਭਾਈ ਸੀ। ਸੰਤ ਸੀਚੇਵਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ-ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਕਰੋਨਾ ਵਰਗੀ ਮਹਾਂਮਾਰੀ ਦੌਰਾਨ ਆਕਸੀਜਨ ਦੀ ਘਾਟ ਮਹਿਸੂਸ ਨਾ ਹੋਵੇ।
ਬੂਟੇ ਵੰਡਣ ਲਈ ਹਰ ਸਾਲ 5 ਜੁਲਾਈ ਨਿਰਧਾਰਤ ਕੀਤੀ ਗਈ ਹੈ ਇਹ ਉਹ ਤਾਰੀਕ ਹੈ ਜਦੋਂ ਗੁਰਦੁਆਰਾ ਟਾਹਲੀ ਸਾਹਿਬ ਵਿੱਚ ਹਰ ਸਾਲ ਵੱਡਾ ਜੋੜ ਮੇਲਾ ਹੁੰਦਾ ਹੈ ਤੇ ਇਹ ਜੋੜ ਮੇਲਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਇਆ ਜਾਂਦਾ ਹੈ। ਇਹ ਵਰਤਾਰਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਇੱਥੇ 5 ਜੁਲਾਈ ਨੂੰ ਵੱਡੇ ਪੱਧਰ ‘ਤੇ ਬੂਟਿਆਂ ਨੂੰ ਪ੍ਰਸ਼ਾਦ ਰੂਪ ਵਿੱਚ ਵੰਡਿਆ ਜਾਂਦਾ ਹੈ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ, ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ, ਸੰਤ ਪ੍ਰਗਟ ਨਾਥ ਜੀ, ਤੇ ਹੋਰ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡਿਆ।
ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਲੀਡਰ ਸਿੰਘ ਜੀ ਨੇ ਸੰਗਤਾਂ ਨੂੰ ਮੁਖਾਤਿਬ ਹੁੰਦਿਆ ਜਿੱਥੇ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਮਨਾਏ ਜਾ ਰਹੇ ਜੋੜਮੇਲੇ ਦੀਆਂ ਵਧਾਈਆਂ ਦਿੱਤੀਆਂ ਉਥੇ ਇਹ ਅਪੀਲ ਵੀ ਕੀਤੀ ਕਿ 31 ਜੁਲਾਈ ਨੂੰ ਇਸ ਗੁਰੂ ਘਰ ਦੇ ਪ੍ਰੀਤਵਾਨ ਰਹੇ ਸੰਤ ਦਇਆ ਸਿੰਘ ਜੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ।
ਇਸ ਸਮਾਗਮ ਵਿਚ ਸੰਤ ਅਮਰੀਕ ਸਿੰਘ ਜੀ ਖੁਖਰੈਣ, ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ, ਢਾਡੀ ਜੱਥਾ ਤਰਸੇਮ ਸਿੰਘ ਮੋਰਾਂਵਾਲੀ, ਮਹਾਤਮਾ ਮੁਨੀ ਜੀ ਖੈੜਾ ਬੇਟ, ਸੰਤ ਗੁਰਮੇਜ਼ ਸਿੰਘ ਜੀ ਤੇ ਇਲਾਕੇ ਦੇ ਹੋਰ ਮਹਾਂਪੁਰਸ਼, ਨਿਹੰਗ ਜੱਥੇਬੰਦੀਆਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਹਾਜ਼ਰੀ ਭਰੀ ਗਈ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਵੱਖ-ਵੱਖ ਰਾਗੀ ਜੱਥਿਆਂ ਵੱਲੋਂ ਕੀਰਤਨ ਤੇ ਢਾਡੀ ਜੱਥਿਆਂ ਵਾਰਾਂ ਗਾ ਕੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ।