“ਗੁਣਵੱਤਾ ਭਰਪੂਰ ਸਿੱਖਿਆ, ਵਿਦਿਆਰਥੀਆਂ ਚ ਵਿਗਿਆਨਕ ਤੇ ਨਵੀਨਤਾਕਾਰੀ ਯੋਗਤਾ ਪੈਦਾ ਕਰਨਾ ਸਮੇਂ ਦੀ ਲੋੜ: ਰਾਣਾ ਗੁਰਜੀਤ ਸਿੰਘ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦਾ 6ਵਾਂ ਅੰਤਰ ਜ਼ੋਨਲ ਯੁਵਕ ਮੇਲਾ ” ਮਾਣ ਵਤਨਾਂ ਦਾ ” ਦਾ ਸ਼ਾਨਦਾਰ ਆਗਾਜ਼
ਬਠਿੰਡਾ, 25 ਨਵੰਬਰ (ਵਿਸ਼ਵ ਵਾਰਤਾ) : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.) ਬਠਿੰਡਾ ਦਾ 6ਵਾਂ ਅੰਤਰ-ਜ਼ੋਨਲ ਯੁਵਕ ਮੇਲਾ-2021 “ਮਾਣ ਵਤਨਾਂ ਦਾ”ਦੇ ਸਿਰਲੇਖ ਨਾਲ ਅੱਜ ਇਥੇ ਯੂਨੀਵਰਸਿਟੀ ਕੈਂਪਸ ਵਿਖੇ ਧੂਮ-ਧਾਮ ਨਾਲ ਸ਼ੁਰੂ ਹੋਇਆ। ਯੁਵਕ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਕੈਬਨਿਟ ਮੰਤਰੀ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਰੁਜ਼ਗਾਰ ਉਤਪਤੀ ਅਤੇ ਸਿਖਲਾਈ, ਬਾਗਬਾਨੀ, ਭੂਮੀ ਅਤੇ ਜਲ ਸੰਭਾਲ, ਪੰਜਾਬ, ਸ. ਰਾਣਾ ਗੁਰਜੀਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ, ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ, ਡਾ. ਡੀ.ਕੇ. ਸਿੰਘ, ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ, ਐਸ.ਐਸ.ਪੀ ਸ੍ਰੀ ਅਜੇ ਮਲੂਜਾ ਅਤੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਅਤੇ ਪ੍ਰਮੁੱਖ ਸਖਸ਼ੀਅਤਾਂ ਹਾਜ਼ਿਰ ਸਨ। ਰੁਝੇਵਿਆਂ ਦੇ ਬਾਵਜੂਦ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਵੀ ਯੂਨੀਵਰਸਿਟੀ ਦੇ ਯੁਵਕ ਮੇਲੇ ਦਾ ਸੰਖੇਪ ਦੌਰਾ ਕੀਤਾ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ. ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮਿਆਰੀ ਤਕਨੀਕੀ ਸਿੱਖਿਆ ਸਮੇਂ ਦੀ ਲੋੜ ਹੈ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਵਿਗਿਆਨਕ ਅਤੇ ਨਵੀਨਤਾਕਾਰੀ ਯੋਗਤਾ ਪੈਦਾ ਕੀਤੀ ਜਾਣੀ ਅਤੀ ਜ਼ਰੂਰੀ ਹੈ ਤਾਂ ਜੋ ਜਮੀਨੀ ਪੱਧਰ ‘ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਖੋਜ ਨੂੰ ਹੁਲਾਰਾ ਦਿੱਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਜਿਸ ਕਾਰਨ ਖੇਤੀ ਅਧਾਰਿਤ ਉਦਯੋਗ ਵਿੱਚ ਨਵੀਨਤਾ ਲਿਆਉਣ ਅਤੇ ਖੇਤੀ-ਵਪਾਰ ਨੂੰ ਟਿਕਾਊ ਬਣਾਉਣਾਂ ਸਮੇਂ ਦੀ ਮੁੱਖ ਜ਼ਰੂਰਤ ਹੈ । ਉਨ੍ਹਾਂ ਕਿਹਾ ਕਿ ਵੱਡੇ ਪੱਧਰ ‘ਤੇ ਤਕਨਾਲੋਜੀ ਉਦਯੋਗ ਅਤੇ ਖੇਤੀਬਾੜੀ ਖੇਤਰ ਵਿਚ ਭਰੋਸੇਯੋਗ ਨਵੀਨਤਾਕਾਰੀ ਖੋਜਾਂ ਹੀ ਸਾਡੇ ਆਉਣ ਵਾਲੇ ਭਵਿੱਖ ਨੂੰ ਤੈਅ ਕਰਨਗੀਆਂ ।
ਲੋੜ ਅਧਾਰਿਤ ਸਿੱਖਿਆ ਤੇ ਮੰਗ-ਅਧਾਰਿਤ ਹੁਨਰ ਕੋਰਸਾਂ ਦੀ ਸ਼ੁਰੂਆਤ ‘ਤੇ ਜ਼ੋਰ ਦਿੰਦੇ ਹੋਏ ਕੈਬਨਿਟ ਮੰਤਰੀ ਸ. ਰਾਣਾ ਗੁਰਜੀਤ ਸਿੰਘ ਨੇ ਯੂਨੀਵਰਸਿਟੀ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਵੱਡੇ ਪੱਧਰ ਤੇ ਵਾਤਾਵਰਨ ਤਬਦੀਲੀਆਂ, ਸਾਫ਼ ਊਰਜਾ, ਕੁਦਰਤੀ ਸਰੋਤਾਂ ਦੀ ਬੱਚਤ, ਪਾਣੀ ਦੀ ਕਮੀ ਅਤੇ ਰਹਿੰਦ-ਖੂੰਹਦ ਪ੍ਰਬੰਧਨ, ਆਫ਼ਤ ਪ੍ਰਬੰਧਨ, ਸੂਰਜੀ ਊਰਜਾ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਕਾਇਮ ਰੱਖਣ ਵਰਗੀਆਂ ਖਾਸ ਸਮੱਸਿਆਵਾਂ ਦੇ ਹੱਲ ਲੱਭਣਾ ਉਨ੍ਹਾਂ ਲਈ ਮੁੱਖ ਚੁਣੋਤੀ ਹੈ।
ਇਸ ਮੌਕੇ ‘ਤੇ ਬੋਲਦਿਆਂ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਯੁਵਕ ਮੇਲਾ ਨੌਜਵਾਨ ਪ੍ਰਤਿਭਾ ਲਈ ਇੱਕ ਵਿਲੱਖਣ ਪਲੇਟਫਾਰਮ ਹੈ ਤੇ ਨੌਜਵਾਨਾਂ ਦੀ ਸਿਰਜਣਾਤਮਕਤਾ ਅਤੇ ਨਵੀਨਤਾ ਦਾ ਜਸ਼ਨ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਰਵਪੱਖੀ ਸ਼ਖ਼ਸੀਅਤਾਂ ਬਣਨ, ਨੌਜਵਾਨਾਂ ਦਾ ਸਵੈ-ਮਾਣ ਅਤੇ ਆਤਮ ਵਿਸ਼ਵਾਸ ਪੈਦਾ ਕਰਨ ਲਈ ਸਾਰੇ ਖੇਤਰਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਉਨ੍ਹਾਂ ਦੀ ਸਿਰਜਣਾਤਮਕਤਾ ਦਾ ਵਿਕਾਸ ਅਤੇ ਸਨਮਾਨ ਕੀਤਾ ਜਾਂਦਾ ਹੈ।
ਪ੍ਰੋ: ਸਿੱਧੂ ਨੇ ਕਿਹਾ ਕਿ ਯੁਵਕ ਮੇਲਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਸੰਗੀਤ, ਨ੍ਰਿਤ, ਥੀਏਟਰ ਅਤੇ ਹੋਰ ਖੇਤਰ ਵਿਚ ਵੱਖ-ਵੱਖ ਗਤੀਵਿਧੀਆਂ ਲਈ ਨੌਜਵਾਨਾਂ ਨੂੰ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਨੌਜਵਾਨਾਂ ਦੀ ਭਰਪੂਰ ਊਰਜਾ ਨੂੰ ਦੇਸ਼ ਦੀ ਬਿਹਤਰੀ ਲਈ ਵਰਤਣ ਦੀ ਲੋੜ ਹੈ, ਜਿਸ ਲਈ ਅਜਿਹੇ ਯੁਵਕ ਮੇਲੇ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਖੋਜ ਅਤੇ ਨਵੀਨਤਾ ਵਿੱਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਵਿਸ਼ਵ ਨੂੰ ਆਕਾਰ ਦੇਣ ਵਿੱਚ ਵਿਗਿਆਨ ਅਤੇ ਇੰਜੀਨੀਅਰਿੰਗ ਦੀ ਭੂਮਿਕਾ ਬਾਰੇ ਵੀ ਚਾਨਣਾ ਪਾਇਆ।
ਏਮਜ਼ ਦੇ ਕਾਰਜਕਾਰੀ ਨਿਰਦੇਸ਼ਕ ਡਾ. ਡੀ.ਕੇ. ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਕਈ ਗੁਣਾਂ ਦੀ ਬਖਸ਼ਿਸ਼ ਹੁੰਦੀ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਅਜਿਹੇ ਪ੍ਰੋਗਰਾਮਾਂ ਨਾਲ ਉਨ੍ਹਾਂ ਵਿੱਚ ਟੀਮ ਭਾਵਨਾ ਪੈਦਾ ਕਰਨ, ਮੁਕਾਬਲਿਆਂ ਦੌਰਾਨ ਪ੍ਰਤਿਭਾ ਅਤੇ ਹੁਨਰ ਦਾ ਪ੍ਰਦਰਸ਼ਨ ਕਰਨ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਉਹ ਆਪਣੇ ਜੀਵਨ ਵਿੱਚ ਬੁਲੰਦੀਆਂ ਛੂਹ ਸਕਦੇ ਹਨ । ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਜਲਦੀ ਹੀ ਇੰਟਰ ਮੈਡੀਕਲ ਇੰਸਟੀਚਿਊਟ ਯੁਵਕ ਮੇਲੇ ਦਾ ਆਯੋਜਨ ਕਰਨਗੇ।
ਯੁਵਕ ਮੇਲੇ ਵਿੱਚ ਵੱਖ-ਵੱਖ ਸੱਭਿਆਚਾਰਕ ਅਤੇ ਪ੍ਰਤਿਭਾ ਅਧਾਰਿਤ ਪ੍ਰਦਰਸ਼ਨ, ਰਚਨਾਤਮਕ ਮੁਕਾਬਲੇ ਅਤੇ ਤਕਨੀਕੀ ਸਮਾਗਮ ਸ਼ਾਮਲ ਹਨ, ਜਿਸ ਵਿਚ ਯੂਨੀਵਰਸਿਟੀ ਦੇ ਐਫੀਲਿਏਟਡ ਅਤੇ ਕੰਸਟੀਚਿਊਐਂਟ ਕਾਲਜਾਂ ਦੇ 600 ਤੋਂ ਵੱਧ ਵਿਦਿਆਰਥੀ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲੈ ਰਹੇ ਹਨ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗੁਰਿੰਦਰਪਾਲ ਸਿੰਘ ਬਰਾੜ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਯੂਨੀਵਰਸਿਟੀ ਦੇ ਡਾਇਰੈਕਟਰ, ਖੇਡਾਂ ਅਤੇ ਯੁਵਕ ਭਲਾਈ ਅਤੇ ਮੁੱਖ ਕੋਆਰਡੀਨੇਟਰ ਭੁਪਿੰਦਰ ਪਾਲ ਸਿੰਘ ਢੋਟ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਯੂਨੀਵਰਸਿਟੀ ਦੀਆਂ ਸੱਭਿਆਚਾਰਕ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਸਮਾਗਮ ਵਿੱਚ ਪੰਜਾਬ ਸਰਕਾਰ ਦੇ ਹੁਨਰ ਸਲਾਹਕਾਰ ਡਾ. ਸੰਦੀਪ ਕੌੜਾ, ਤਕਨੀਕੀ ਸਿੱਖਿਆ ਬੋਰਡ ਦੇ ਰਜਿਟਰਾਰ ਸਰਦਾਰ ਦਰਸ਼ਨ ਸਿੰਘ ਸਿੱਧੂ ਤੋਂ ਇਲਾਵਾ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ, ਡੀਨਜ਼, ਡਾਇਰੈਕਟਰਾਂ ਤੇ ਫੈਕਲਟੀ ਨੇ ਸ਼ਿਰਕਤ ਕੀਤੀ।