ਗੁਜਰਾਤ ਵਿਧਾਨ ਸਭਾ ਨਤੀਜਿਆਂ ਨਾਲ ਆਮ ਆਦਮੀ ਪਾਰਟੀ ਬਣੀ ਰਾਸ਼ਟਰੀ ਰਾਜਨੀਤਿਕ ਪਾਰਟੀ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਅਤੇ ਦੇਸ਼ ਦੇ ਲੋਕਾਂ ਦਾ ਕੀਤਾ ਧੰਨਵਾਦ
…‘ਆਪ’ ਨੂੰ ਪਹਿਲੀ ਵਾਰ ‘ਚ ਹੀ ਗੁਜਰਾਤ ਵਿੱਚ 40 ਲੱਖ ਤੋਂ ਵੱਧ ਵੋਟਾਂ ਮਿਲੀਆਂ- ਮਲਵਿੰਦਰ ਸਿੰਘ ਕੰਗ
ਚੰਡੀਗੜ੍ਹ, 8 ਦਸੰਬਰ ਗੁਜਰਾਤ ਚੋਣ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਹੁਣ ਦੇਸ਼ ਦੀਆਂ ਰਾਸ਼ਟਰੀ ਸਿਆਸੀ ਪਾਰਟੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਗੁਜਰਾਤ ਵਿੱਚ ਪਹਿਲੀ ਵਾਰ ਚੋਣ ਲੜ ਰਹੀ ਆਮ ਆਦਮੀ ਪਾਰਟੀ ਨੂੰ ਲਗਭਗ 13% ਵੋਟਾਂ ਮਿਲੀਆਂ ਹਨ ਅਤੇ ਪਾਰਟੀ ਨੇ 5 ਸੀਟਾਂ ‘ਤੇ ਜਿੱਤ ਹਾਸਲ ਕੀਤੀ।
ਪਾਰਟੀ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ‘ਆਪ’ ਦੇ ਰਾਸ਼ਟਰੀ ਪਾਰਟੀ ਬਣਨ ‘ਤੇ ਗੁਜਰਾਤ ਅਤੇ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ‘ਆਪ’ ਦੇ ਸਾਰੇ ਵਰਕਰਾਂ ਨੂੰ ਵਧਾਈ ਦਿੱਤੀ। ਕੇਜਰੀਵਾਲ ਨੇ ਕਿਹਾ ਕਿ ਸਿਰਫ 10 ਸਾਲਾਂ ‘ਚ ਕਿਸੇ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਣਾ ਵੱਡੀ ਗੱਲ ਹੈ। ਕੰਮ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਦੇਸ਼ ਦੀ ਜਨਤਾ ਨੇ ਆਪਣੀ ਮਾਨਤਾ ਦੇ ਦਿੱਤੀ ਹੈ।
‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਆਪਣੇ ਟਵਿੱਟਰ ‘ਤੇ ਲਿਖਿਆ ਕਿ ਆਮ ਆਦਮੀ ਪਾਰਟੀ ਦਾ ਸਿਆਸੀ ਸਫਰ ਸ਼ਾਨਦਾਰ ਰਿਹਾ ਹੈ। ਸਿਰਫ਼ 10 ਸਾਲਾਂ ਦੇ ਅੰਦਰ ਹੀ ‘ਆਪ’ ਨੇ ਦਿੱਲੀ ਅਤੇ ਪੰਜਾਬ ‘ਚ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਅਤੇ ਹੁਣ ਗੁਜਰਾਤ ‘ਚ ਪਹਿਲੀ ਵਾਰ ‘ਚ ਹੀ ਪਾਰਟੀ ਨੂੰ 40 ਲੱਖ ਤੋਂ ਵੀ ਵੱਧ ਵੋਟਾਂ ਮਿਲੀਆਂ। ਦੇਸ਼ ਦੇ ਆਮ ਲੋਕਾਂ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਉਨ੍ਹਾਂ ਨੂੰ ਹੁਣ ਰਾਸ਼ਟਰੀ ਪੱਧਰ ‘ਤੇ ਵੀ ਇੱਕ ਚੰਗਾ ਬਦਲ ਮਿਲ ਗਿਆ ਹੈ।