ਚੰਡੀਗੜ / ਬਠਿੰਡਾ 1 ਮਈ (ਵਿਸ਼ਵ ਵਾਰਤਾ)-: ‘ਪੰਜਾਬ ਚ ਭਾਜਪਾ ਵੱਡੀ ਪੱਧਰ ਉੱਤੇ ਜਿੱਤ ਦਰਜ ਕਰਨ ਜਾ ਰਹੀ ਹੈ, ਕਿਉਂਕਿ ਸੂਬੇ ਦੇ ਲੋਕ ਜਿੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਹਨ, ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਮੁਖੀ ਏਜੰਡੇ ਨੂੰ ਸੂਬੇ ਚ ਜਲਦ ਤੋਂ ਜਲਦ ਲਾਗੂ ਹੋਇਆ ਵੇਖਣਾ ਚਾਹੁੰਦੇ ਹਨ।’
ਇਹ ਪ੍ਰਗਟਾਵਾ ਬਠਿੰਡਾ ਚ ਭਾਜਪਾ ਆਗੂਆਂ ਨਾਲ ਮੀਟਿੰਗ ਦੌਰਾਨ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ ਨੇ ਗੱਲਬਾਤ ਦੌਰਾਨ ਕੀਤਾ।
ਵਿਜੇ ਰੂਪਾਨੀ ਭਾਜਪਾ ਦੀ ਜਿੱਤ ਨੂੰ ਨਿਸ਼ਚਿਤ ਕਰਨ ਲਈ ਬੁੱਧਵਾਰ ਨੂੰ ਬਠਿੰਡਾ ਚ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਲਈ ਪੁੱਜੇ ਸਨ।
ਇਸ ਮੌਕੇ ਵਿਜੇ ਰੂਪਾਨੀ ਨੇ ਲੋਕ ਸਭਾ ਹਲਕਾ ਬਠਿੰਡਾ ਦੇ ਭਾਜਪਾ ਆਗੂਆਂ ਤੇ ਵਰਕਰਾਂ ਦੇ ਹੌਸਲੇ ਨੂੰ ਵੇਖਦੇ ਹੋਏ ਕਿਹਾ ਕਿ ਹੁਣ ਇਸ ਹਲਕੇ ਚ ਕੋਈ ਵੀ ਤਾਕਤ ਬੀਬੀ ਪਰਮਜੀਤ ਕੌਰ ਸਿੱਧੂ ਮਲੂਕਾ ਦੀ ਜਿੱਤ ਨੂੰ ਨਹੀਂ ਰੋਕ ਸਕਦੀ ਤੇ ਪੰਜਾਬ ਦੀ ਸਿਆਸੀ ਰਾਜਧਾਨੀ ਚ ਭਾਜਪਾ ਦਾ ਝੰਡਾ ਜ਼ਰੂਰ ਲਹਿਰਾਏਗਾ।
ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਨੈਸ਼ਨਲ ਸੈਕਟਰੀ ਭਾਜਪਾ ਡਾ. ਨਰਿੰਦਰ ਰੈਣਾ, ਸਟੇਟ ਜਨਰਲ ਸੈਕਟਰੀ ਆਰਗੇਨਾਈਜ਼ੇਸ਼ਨ ਮੰਤਰੀ ਸ੍ਰੀਨਿਵਾਸਲੂ, ਸਟੇਟ ਜਨਰਲ ਸੈਕਟਰੀ ਦਿਆਲ ਸੋਢੀ, ਵਾਈਸ ਪ੍ਰੈਜ਼ੀਡੈਂਟ ਸੁਰਜੀਤ ਜਿਆਣੀ, ਜਗਦੀਪ ਸਿੰਘ ਨਕਈ, ਮੋਨਾ ਜੈਸਵਾਲ ਤੇ ਬਠਿੰਡਾ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਪਰਮਜੀਤ ਕੌਰ ਸਿੱਧੂ ਮਲੂਕਾ ਵੀ ਮੌਜੂਦ ਸਨ।
ਇਸ ਮੌਕੇ ਵੱਖ-ਵੱਖ ਭਾਜਪਾ ਆਗੂਆਂ ਨੇ ਇੰਚਾਰਜ ਵਿਜੇ ਰੁਪਾਨੀ ਨੂੰ ਲੋਕ ਸਭਾ ਚੋਣਾਂ ਚ ਭਾਜਪਾ ਦੀਆਂ ਸਰਗਰਮੀਆਂ ਦੀ ਜਾਣਕਾਰੀ ਦਿੱਤੀ ਤੇ ਆਪਣੇ ਤਜਰਬੇ ਸਾਂਝੇ ਕੀਤੇ।
ਇਸੇ ਤਰ੍ਹਾਂ ਬਠਿੰਡਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ, ਬਠਿੰਡਾ ਦਿਹਾਤੀ ਤੋਂ ਰਵੀ ਪ੍ਰੀਤ ਸਿੱਧੂ, ਮਾਨਸਾ ਤੋ ਰਕੇਸ਼ ਜੈਨ ਤੇ ਮੁਕਤਸਰ ਤੋਂ ਸਤੀਸ਼ ਅਸੀਜਾ, ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਪਰਮਜੀਤ ਕੌਰ ਸਿੱਧੂ ਮਲੂਕਾ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ, ਸਾਬਕਾ ਐਮਐਲਏ ਮੰਗਤ ਰਾਏ ਬਾਂਸਲ ਨੇ ਭਰਵੀਂ ਵਿਚਾਰ ਚਰਚਾ ਚ ਹਿੱਸਾ ਲਿਆ।
ਇਸ ਮੌਕੇ ਸਟੇਟ ਕੋ-ਕਨਵੀਨਰ ਮੀਡੀਆ ਮੈਨੇਜਮੈਂਟ ਸੈੱਲ ਸੁਨੀਲ ਸਿੰਗਲਾ ਸਮੇਤ 42 ਮੰਡਲ ਪ੍ਰਧਾਨ, ਜਨਰਲ ਸੈਕਟਰੀ ਤੇ ਇਲਾਕੇ ਦੇ ਭਾਜਪਾ ਵਰਕਰ ਮੌਜੂਦ ਸਨ।