ਗਿਆਨੀ ਤਰਲੋਚਨ ਸਿੰਘ ਭਮੱਦੀ ਦੀ ਪੁਸਤਕ ਦਾਸਤਾਨਿ ਸਿੱਖ ਸਲਤਨਤ ਗਿਆਨੀ ਪਿੰਦਰਪਾਲ ਸਿੰਘ ਤੇ ਭਾਈ ਹਰਜਿੰਦਰ ਸਿੰਘ ਵੱਲੋਂ ਲੋਕ ਅਰਪਨ
ਲੁਧਿਆਣਾਃ 14 ਫਰਵਰੀ(ਵਿਸ਼ਵ ਵਾਰਤਾ)- ਵਿਸ਼ਵ ਪ੍ਰਸਿੱਧ ਪੰਥਕ ਢਾਡੀ ਤੇ ਉੱਘੇ ਇਤਿਹਾਸ ਲੇਖਕ ਗਿਆਨੀ ਤਰਲੋਚਨ ਸਿੰਘ ਭਮੱਦੀ ਦੀ ਲਿਖੀ ਪੁਸਤਕ ਦਾਸਤਾਨਿ ਸਿੱਖ ਸਲਤਨਤ ਦਾ ਦੂਜਾ ਭਾਗ ਉੱਘੇ ਵਿਦਵਾਨ ਕਥਾ ਵਾਚਕ ਗਿਆਨੀ ਪਿੰਦਰਪਾਲ ਸਿੰਘ ਤੇ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੇ ਪਿੰਡ ਠਰਵਾ(ਹਰਿਆਣਾ) ਵਿਖੇ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਕੀਤਾ ਗਿਆ।
ਗਿਆਨੀ ਪਿੰਦਰਪਾਲ ਸਿੰਘ ਨੇ ਕਿਹਾ ਕਿ ਗਿਆਨੀ ਤਰਲੋਚਨ ਸਿੰਘ ਭਮੱਦੀ ਇਤਿਹਾਸ ਦੀ ਜੀਵੰਤ ਆਤਮਾ ਦੇ ਪੇਸ਼ਕਾਰ ਹਨ। ਉਹ ਤੱਥਾਂ ਦੇ ਨਾਲ ਨਾਲ ਤੁਰਦੇ ਹਨ ਅਤੇ ਚੰਗੇ ਸਾਖੀਕਾਰ ਵਾਂਗ ਪਾਠਕ ਨੂੰ ਆਪਣੇ ਨਾਲ ਨਾਲ ਤੋਰਦੇ ਹਨ। ਮੈਨੂੰ ਉਨ੍ਹਾਂ ਦੀ ਕਲਮ ਅਤੇ ਸਾਧਨਾਂ ਦੇ ਨਾਲ ਨਾਲ ਉਨ੍ਹਾਂ ਦੇ ਸੰਗ ਸਾਥ ਤੇ ਵੀ ਮਾਣ ਹੈ। ਇਸ ਪੁਸਤਕ ਨੂੰ ਲਾਹੌਰ ਬੁੱਕਸ ਲੁਧਿਆਣਾ ਨੇ ਬਹੁਤ ਹੀ ਸੁੰਦਰ ਛਾਪਿਆ ਹੈ।
ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਕਿਹਾ ਕਿ ਅਸੀਂ ਸਾਰਿਆਂ ਨੇ ਆਪਣਾ ਜੀਵਨ ਸਫ਼ਰ ਇਕੱਠਿਆਂ ਆਰੰਭਿਆ ਸੀ। ਇਸ ਪੁਸਤਕ ਤੋਂ ਪ੍ਰਮਾਣ ਮਿਲਦਾ ਹੈ ਕਿ ਗਿਆਨੀ ਭਮੱਦੀ ਪ੍ਰਕਾਂਡ ਵਿਦਵਾਨ ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਇਤਿਹਾਸ ਸਿਰਜਣਾ ਤੇ ਸ਼ਾਇਰੀ ਤੋਂ ਬੇਹੱਦ ਪ੍ਰਭਾਵਤ ਹੋਣ ਕਾਰਨ ਇਸ ਮਾਰਗ ਦੇ ਪਾਂਧੀ ਬਣੇ ਹਨ। ਇਸ ਮੌਕੇ ਗਿਆਨੀ ਤਰਲੋਚਨ ਸਿੰਘ ਭਮੱਦੀ ਦੇ ਸਾਥੀ ਹਰਦੀਪ ਸਿੰਘ ਤੇ ਬੂਟਾ ਸਿੰਘ ਵੀ ਹਾਜ਼ਰ ਸਨ।