ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ) : ਮਰਹੂਮ ਕਵੀ ਗਿਆਨੀ ਈਸ਼ਰ ਸਿੰਘ ਦਰਦ ਵੱਲੋਂ ਦੇਸ਼ ਦੀ ਵੰਡ ਤੋਂ ਪਹਿਲੋਂ ਅਤੇ ਮਗਰੋਂ ਲਗਭਗ ਪੰਜ ਦਹਾਕਿਆਂ ਦੇ ਕਾਲ ਦੌਰਾਨ ਰਚੀਆਂ ਰਾਜਸੀ, ਧਾਰਮਿਕ ਅਤੇ ਸਮਾਜਿਕ ਕਵਿਤਾਵਾਂ ਦਾ ਪਲੇਠਾ ਕਾਵਿ-ਸੰਗ੍ਰਹਿ ‘ਧੂੜ ਹੇਠਲੀ ਕਵਿਤਾ’ ਦਾ ਲੋਕ ਅਰਪਣ 9 ਸਤੰਬਰ 2018 ਦਿਨ ਐਤਵਾਰ ਸਵੇਰੇ 10:30 ਵਜੇ ਪੰਜਾਬ ਕਲਾ ਭਵਨ, ਸੈਕਟਰ 16 ਚੰਡੀਗੜ੍ਹ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਆਪਣੀ ਮਾਸਿਕ ਇਕੱਤਰਤਾ ਦੌਰਾਨ ਲੋਕ ਅਰਪਣ ਕੀਤਾ ਜਾਵੇਗਾ, ਜਿਸ ਉਪਰੰਤ ਵਿਚਾਰ ਗੋਸ਼ਟੀ ਹੋਵੇਗੀ।
ਜ਼ਿਕਰਯੋਗ ਹੈ ਕਿ ਗਿਆਨੀ ਈਸ਼ਰ ਸਿੰਘ ਦਰਦ ਸ਼੍ਰੋਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਦੇ ਪਿਤਾ ਸਨ। ਕਾਵਿ ਸੰਗ੍ਰਹਿ ਦਾ ਸੰਪਾਦਨ ਸ੍ਰੀ ਰਿਪੁਦਮਨ ਸਿੰਘ ਰੂਪ ਵੱਲੋਂ ਕੀਤਾ ਗਿਆ ਹੈ।
ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਦੱਸਿਆ ਕਿ ਸਮਾਗਮ ਦੌਰਾਨ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਇਸ ਮੌਕੇ ਪ੍ਰੋ. ਬਲਵਿੰਦਰ ਸਿੰਘ ਚਾਹਲ ਆਪਣਾ ਖੋਜ ਪੱਤਰ ਸਾਂਝਾ ਕਰਨਗੇ ਅਤੇ ਮਨਜੀਤ ਇੰਦਰਾ, ਡਾ. ਸੁਰਿੰਦਰ ਗਿੱਲ, ਗੁਰਨਾਮ ਕੰਵਰ, ਡਾ. ਗੁਰਮੇਲ ਸਿੰਘ ਅਤੇ ਰਘਬੀਰ ਸਿੰਘ ਭਰਤ ਵਿਚਾਰ ਗੋਸ਼ਟੀ ਵਿਚ ਹਿੱਸਾ ਲੈਣਗੇ।