ਚੰਡੀਗੜ੍ਹ 24 ਫ਼ਰਵਰੀ (ਵਿਸ਼ਵ ਵਾਰਤਾ )-ਪਿਛਲੀਆਂ ਸਰਕਾਰਾਂ ਦੇ ਚਹੇਤੇ ਕਲੋਨਾਈਜਰਾਂ ਨੂੰ ਰਾਤੋ ਰਾਤ ਕਰੋੜਾਂ ਤੇ ਅਰਬਪਤੀ ਬਣਾਉਣ ਵਾਲੇ ਚਰਚਿਤ ਚੀਫ ਟਾਊਨ ਪਲੈਨਰ ਪੰਕਜ ਬਾਵਾ ਨੂੰ ਆਖਰ ਦੇਰ ਰਾਤ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਪੰਕਜ ਬਾਵਾ ਦੀ ਗ੍ਰਿਫਤਾਰੀ ਤੋਂ ਕਈ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਸੂਤਰ ਦੱਸਦੇ ਹਨ ਕਿ ਜਦੋਂ ਵੀ ਕੋਈ ਮੋਹਾਲੀ ਦੇ ਗਮਾਂਢਾ ਸਮੇਤ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਮਿਊਸਪਲ ਕਮੇਟੀਆਂ ਤੇ ਕਾਰਪੋਰੇਸ਼ਨ ਦੀਆਂ ਹੱਦਾਂ ਨੂੰ ਵੱਡਾ ਕਰਨ ਲਈ ਪਿੰਡਾਂ ਦੇ ਰਲੇਵੇਂ ਲਈ ਵਿਓਤਬੰਦੀ ਉਲੀਕਣ ਤੋਂ ਪਹਿਲਾਂ ਪੰਕਜ ਬਾਵਾ ਆਪਣੇ ਨੇੜਲੇ ਵੱਡੇ ਅਧਿਕਾਰੀਆਂ ਤੇ ਹੋਰ ਰਸੂਖ ਵਾਲੇ ਵਿਅਕਤੀਆਂ ਨੂੰ ਪਹਿਲਾਂ ਹੀ ਸਸਤੇ ਭਾਅ ਵਿੱਚ ਜਮੀਨਾਂ ਖਰੀਦਣ ਲਈ ਕਹਿ ਦਿੰਦਾ ਸੀ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਬੀਤੀ ਦੇਰ ਸ਼ਾਮ ਚੀਫ ਸੈਕਟਰੀ ਅਨੁਰਾਗ ਵਰਮਾ ਵੱਲੋਂ ਚੀਫ ਟਾਊਨ ਪਲੈਨਰ ਪੰਕਜ ਬਾਵਾ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਭਾਵੇਂ ਕਿ ਅਜੇ ਤੱਕ ਇਹ ਵੇਰਵੇ ਸਾਹਮਣੇ ਨਹੀਂ ਆਏ ਕਿ ਪੰਕਜ ਬਾਬਾ ਦੀ ਗ੍ਰਿਫਤਾਰੀ ਕਿਸ ਦੋਸ ਵਿੱਚ ਕੀਤੀ ਗਈ ਹੈ।