ਪੰਜਾਬ ਵਿੱਚ ਬੰਦ , ਇਤੇਿਹਾਸਕ ਬੰਦ
11 ਵਜੇ ਤੋਂ ਲੈ ਕੇ 3 ਵਜੇ ਤੱਕ ਰਹੇਗਾ ਚੱਕਾ ਜਾਮ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਮੁਕੰਮਲ ਬੰਦ
ਐਮਬੂਲੈਸਾਂ ,ਵਿਆਹ ਸ਼ਾਦੀਆਂ ਵਾਲੀਆਂ ਗੱਡੀਆਂ ਅਤੇ ਹੋਰ ਜ਼ਰੂਰੀ ਕੰਮਾਂ ਵਾਲਿਆਂ ਦੀਆਂ ਗੱਡੀਆਂ ਨੂੰ ਛੱਡ ਕੇ ਮੁਕੰਮਲ ਜਾਮ
ਕਿਸਾਨਾਂ ਤੋਂ ਇਲਾਵਾ ਦੂਜੇ ਲੋਕਾਂ ਵੱਲੋਂ ਵੀ ਭਾਰਤ ਬੰਦ ਦਾ ਸਮਰਥਨ
ਪੰਜਾਬ ਵਿੱਚ ਸ਼ਰਾਬ ਦੇ ਠੇਕੇ ਵੀ ਬੰਦ
ਚੰਡੀਗੜ 8 ਦਸੰਬਰ(ਵਿਸ਼ਵ ਵਾਰਤਾ)- ਕਿਸਾਨ ਜੱਥੇਬੰਦੀਆਂ ਵੱਲੋਂ ਕੇਂਦਰ ਵੱਲੋਂ ਜੂਨ ਵਿੱਚ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਅੱਜ ਲਈ ਭਾਰਤ ਬੰਦ ਦੇ ਸੱਦੇ ਨੂੰ ਦੇਸ਼ ਭਰ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੱਖ- ਵੱਖ ਥਾਵਾਂ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ ਕਿਸਾਨਾਂ ਤੋਂ ਇਲਾਵਾ ਆਮ ਲੋਕ ਵੀ ਆਪ ਮੁਹਾਰੇ ਹੀ ਭਾਰਤ ਬੰਦ ਦਾ ਸਮਰਥਨ ਕਰ ਰਹੇ ਹਨ। ਪੰਜਾਬ ਵਿੱਚ ਜਿਥੇ ਹਰ ਵਰਗ ਵੱਲੋਂ ਭਾਰਤ ਬੰਦ ਦਾ ਸਮਰਥਨ ਕੀਤਾ ਜਾ ਰਿਹਾ ਹੈ ਉਥੇ ਸਰਕਾਰੀ ਟਰਾਂਸਪੋਰਟ ਪੰਜਾਬ ਰੋਡਵੇਜ ਅਤੇ ਪੀ.ਆਰ.ਟੀ.ਸੀ ਦੀਆਂ ਬੱਸਾਂ ਵੀ ਨਹੀਂ ਚੱਲਣਗੀਆਂ ਉਥੇ ਪ੍ਰਾਈਵੇਟ ਬੱਸ ਓਪਰੇਟਰਾਂ ਨੇ ਵੀ ਬੰਦ ਦੇ ਸਮਰਥਨ ਵਿੱਚ ਬੱਸਾਂ ਨਾ ਚਲਾਉਣ ਦਾ ਫੈਸਲਾ ਕੀਤਾ ਹੈ। ਪੈਟਰੋਲ ਪੰਪ ਵੀ ਬੰਦ ਹਨ। ਇਥੋਂ ਤੱਕ ਕਿ ਸ਼ਰਾਬ ਦੇ ਠੇਕੇ ਵੀ ਬੰਦ ਦਿਖਾਈ ਦੇ ਰਹੇ ਹਨ।
ਦਿੱਲੀ ਵਿੱਚ ਵੀ ਬਹੁਤ ਘੱਟ ਸੜਕਾਂ ਤੇ ਆਵਾਜਾਈ ਵੇਖਣ ਨੂੰ ਮਿਲ ਰਹੀ ਹੈ। ਬੰਦ ਨੂੰ ਗੈਰ-ਭਾਜਪਾ ਪਾਰਟੀਆਂ ਵੀ ਖੁਲ ਕੇ ਸਮਰਥਨ ਦੇ ਰਹੀਆਂ ਹਨ। ਇਥੋਂ ਤੱਕ ਕਿ ਤਾਮਿਲਨਾਡੂ ਦੀ ਡੀਐਮ ਕੇ ਪਾਰਟੀ ਨੇ ਵੀ ਕਿਸਾਨ ਮੰਗਾਂ ਦਾ ਸਮਰਥਨ ਕਰਦਿਆਂ ਬੰਦ ਦੀ ਹਿਮਾਇਤ ਦਾ ਐਲਾਨ ਕੀਤਾ ਹੈ। ਹਰਿਆਣਾ ਵਿੱਚ ਵੀ ਜਿਥੇ ਕਿ ਭਾਰਤੀ ਜਨਤਾ ਪਾਰਟੀ ਅਤੇ ਜੇ.ਜੇ.ਪੀ ਦੀ ਸਾਂਝੀ ਸਰਕਾਰ ਹੈ ਮੁਕੰਮਲ ਵਾਂਗ ਬੰਦ ਹੈ। ਸਾਰੇ ਮੁਖ ਮਾਰਗਾਂ ਤੇ ਕਿਸਾਨਾਂ ਨਾਲ ਆਮ ਲੋਕ ਵੀ ਕੀਤੇ ਗਏ ਜਾਮ ਵਿੱਚ ਸ਼ਾਮਲ ਹੋਏ ਹਨ। ਮੋਹਾਲੀ ਦੇ ਏਅਰਪੋਰਟ ਦੀ ਸੜਕ ਤੋਂ ਲੈ ਕੇ ਅਮ੍ਰਿਤਸਰ ਤੱਕ ਸਾਰੀਆਂ ਸੜਕਾਂ ਤੇ ਕਿਸਾਨ ਧਰਨਿਆਂ ਤੇ ਬੈਠ ਗਏ ਹਨ। ਤਾਂ ਜੋ ਸੜਕਾਂ ਤੇ ਮੁਕੰਮਲ ਜਾਮ ਲਾਇਆ ਜਾ ਸਕੇ।ਕਿਸੇ ਵੀ ਸਥਾਨ ਤੋਂ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਹੈ। ਕਿਸੇ ਵੀ ਸੜਕ, ਪਿੰਡ ,ਸ਼ਹਿਰ ਤੋਂ ਬੰਦ ਦੇ ਵਿਰੋਧ ਦੀ ਕੋਈ ਖਬਰ ਨਹੀਂ ਮਿਲੀ।