ਖੇਤੀ ਕਨੂੰਨਾਂ ਵਿਰੋਧੀ ਚੱਲ ਰਹੇ ਸੰਘਰਸ਼ ਦੇ ਚਾਰ ਮਹੀਨੇ ਪੂਰੇ ਹੋਣ ਤੇ ਦੇਸ਼-ਵਿਆਪੀ ਭਾਰਤ-ਬੰਦ ਦੇ ਸੱਦੇ ‘ਤੇ ਲੁਧਿਆਣੇ ਦੀਆਂ ਸਨਅਤੀ ਮਜ਼ਦੂਰ ਜਥੇਬੰਦੀਆਂ ਨੇ ਕੀਤਾ ਰੋਸ-ਮੁਜਾਹਰਾ
ਲੁਧਿਆਣਾ ,26 ਮਾਰਚ 2021 (ਰਾਜਕੁਮਾਰ ਸ਼ਰਮਾ)-ਅੱਜ ਦੇਸ਼-ਵਿਆਪੀ ਸੱਦੇ ਦੀ ਹਿਮਾਇਤ ਤੇ ਲੁਧਿਆਣੇ ਦੀਆਂ ਜਥੇਬੰਦੀਆਂ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਲੁਧਿਆਣੇ ਦੇ ਸਮਰਾਲਾ ਚੌਂਕ ‘ਤੇ ਰੋਸ-ਮੁਜਾਹਰਾ ਅਤੇ ਪੈਦਲ ਮਾਰਚ ਕੀਤਾ ਗਿਆ। ਇਸ ਮੁਜਾਹਰੇ ਰਾਹੀਂ ਜਥੇਬੰਦੀਆਂ ਨੇ ਤਿੰਨ ਖੇਤੀ ਕਨੂੰਨ ਰੱਦ ਕਰਨ, ਨਵਾਂ ਬਿਜਲੀ ਸੋਧ ਕਨੂੰਨ ਰੱਦ ਕਰਨ, ਕਿਰਤ ਕਨੂੰਨ ਰੱਦ ਕਰਨ ਅਤੇ ਕਰੋਨਾ ਬਹਾਨੇ ਮੜੀਆਂ ਜਾ ਰਹੀਆਂ ਪਬੰਦੀਆਂ ਰੱਦ ਕਰਨ ਦੀ ਮੰਗ ਕੀਤੀ।
ਰੋਸ-ਮੁਜਾਹਰੇ ਨੂੰ, ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਸੰਬੋਧਿਤ ਕੀਤਾ। ਬੁਲਾਰਿਆਂ ਨੇ ਮੋਦੀ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦੇ ਖਿਲਾਫ ਰੋਹ ਪ੍ਰਗਟ ਕਰਦੇ ਹੋਏ ਕਿਹਾ ਕਿ ਨਵੇਂ ਬਣਾਏ ਤਿੰਨ ਖੇਤੀ ਕਨੂੰਨਾਂ ਦੇ ਲਾਗੂ ਹੋਣ ਦਾ ਸਭ ਤੋਂ ਮਾੜਾ ਅਸਰ ਮਜ਼ਦੂਰ ਵਰਗ ਉੱਪਰ ਪਵੇਗਾ, ਉਹਨਾਂ ਨੂੰ ਮਿਲਣ ਵਾਲਾ ਸਰਕਾਰੀ ਰਾਸ਼ਣ ਬੰਦ ਹੋ ਜਾਵੇਗਾ ਅਤੇ ਬਜਾਰ ਵਿੱਚ ਦੇਸੀ-ਵਿਦੇਸ਼ੀ ਸਰਮਾਏਦਾਰਾਂ ਦਾ ਕਬਜਾ ਹੋ ਜਾਣ ਤੇ ਹਰ ਚੀਜ਼ ਦੀ ਕੀਮਤ ਵਧ ਜਾਵੇਗੀ। ਪਹਿਲਾਂ ਹੀ ਸਰਕਾਰ ਨੇ ਕਿਰਤ ਕਨੂੰਨਾਂ ਚ ਸੋਧਾਂ ਕਰਕੇ ਸਰਕਾਰ ਨੇ ਮਜ਼ਦੂਰਾਂ ਦੇ ਹੱਥ ਵੱਢਣ ਦੀ ਤਿਆਰੀ ਕਰ ਲਈ ਹੈ, ਕਾਰਖਾਨਿਆਂ ਚ ਛਾਂਟੀਆਂ ਵਧਦੀਆਂ ਜਾ ਰਹੀਆਂ ਹਨ। ਮੌਜੂਦਾ ਸਰਕਾਰ ਦੇਸੀ-ਵਿਦੇਸ਼ੀ ਕਾਰਪੋਰੇਟਾਂ ਨੂੰ ਸਾਰਾ ਦੇਸ਼ ਵੇਚ ਰਹੀ ਹੈ ਨਿੱਜੀਕਰਨ ਤੇਜ਼ ਕਰਨ ਦੇ ਰਾਹ ਤੇ ਚੱਲ ਕੇ ਤਿੰਨ ਖੇਤੀ ਕਨੂੰਨ ਅਤੇ ਨਵਾਂ ਬਿਜਲੀ ਸੋਧ ਕਨੂੰਨ ਪਾਸ ਕੀਤਾ ਗਿਆ ਹੈ। ਅੱਜ ਸਮਾਜ ਦਾ ਹਰ ਵਰਗ ਭਾਵੇਂ ਉਹ ਮਜ਼ਦੂਰ ਹੈ, ਜਾਂ ਮੁਲਾਜਮ, ਵਿਦਿਆਰਥੀ ਅਤੇ ਕਿਸਾਨ, ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਤੋਂ ਤੰਗ ਹੈ। ਮਜ਼ਦੂਰਾਂ ਅਤੇ ਹੋਰ ਕਿਰਤੀਆਂ ਕੋਲ਼ ਹੁਣ ਸੜਕਾਂ ਤੇ ਉਤਰ ਕੇ ਸੰਘਰਸ਼ ਤੋਂ ਬਿਨ੍ਹਾਂ ਹੋਰ ਕੋਈ ਰਾਸਤਾ ਨਹੀਂ ਹੈ।
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਤਿੰਨ ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਲੀਹੋਂ ਲਾਹੁਣ ਸਰਕਾਰ ਸ਼ੁਰੂ ਤੋਂ ਹੀ ਲੋਕਾਂ ‘ਚ ਫਿਰਕੂ ਜ਼ਹਿਰ ਘੋਲ਼ਣ ਅਤੇ ਫੁੱਟ ਪਾਉਣ ਦੀ ਘਟੀਆ ਰਾਜਨੀਤੀ ਦੀ ਵਰਤੋਂ ਕਰਦੀ ਆ ਰਹੀ ਹੈ ਪਰ ਲੋਕਾਂ ਦੇ ਸਿਦਕ ਅੱਗੇ ਕੋਈ ਪੇਸ਼ ਚੱਲਦੀ ਨਾ ਦੇਖ ਕੇ ਇੱਕ ਵਾਰ ਫੇਰ ਕਰੋਨਾ ਭੈਅ ਫੈਲਾਇਆ ਜਾ ਰਿਹਾ ਹੈ। ਉਹਨਾਂ ਨੇ ਕਰੋਨਾ ਦੇ ਨਾਂਅ ਤੇ ਲੋਕ-ਰੋਹ ਨੂੰ ਤਾਰਪੀਡੋ ਕਰਨ ਦੀਆਂ ਸਰਕਾਰ ਦੀਆਂ ਹੋਸ਼ੀਆਂ ਚਾਲਾਂ ਖਿਲਾਫ ਜੋਰਦਾਰ ਵਿਰੋਧ ਦਰਜ਼ ਕਰਵਾਇਆ।