ਖੇਡ ਮੰਤਰੀ ਮੀਤ ਹੇਅਰ ਵੱਲੋਂ ਮੁਹਾਲੀ ਦੇ ਖੇਡ ਕੰਪਲੈਕਸ ਵਿੱਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਮੈਸ ਦੀ ਅਚਨਚੇਤੀ ਚੈਕਿੰਗ
ਖੇਡ ਮੰਤਰੀ ਨੇ ਖ਼ੁਦ ਕੀਤਾ ਮੈਸ ਦੇ ਸਮਾਨ ਦਾ ਨਿਰੀਖਣ, ਠੇਕੇਦਾਰ ਨੂੰ ਮੌਕੇ ਉੱਤੇ ਹੀ ਫ਼ੋਨ ਕਰਕੇ ਮਾੜੀ ਕੁਆਲਟੀ ਦੇ ਖਾਣੇ ਲਈ ਲਾਈ ਫਿਟਕਾਰ
ਪੰਜਾਬ ਸਰਕਾਰ ਖਿਡਾਰੀਆਂ ਦੀ ਸਿਹਤ ਅਤੇ ਉਨ੍ਹਾਂ ਦੀ ਡਾਇਟ ਨਾਲ ਕੋਈ ਵੀ ਸਮਝੌਤਾ ਨਹੀਂ ਕਰੇਗੀ: ਮੀਤ ਹੇਅਰ
ਚੰਡੀਗੜ੍ਹ 28 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਮੁਹਾਲੀ ਦੇ ਫੇਜ਼-9 ਸਥਿਤ ਖੇਡ ਕੰਪਲੈਕਸ ਵਿੱਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਮੈਸ ਦੀ ਅਚਨਚੇਤੀ ਚੈਕਿੰਗ ਕੀਤੀ ਗਈ। ਇਸ ਦੌਰਾ ਖੇਡ ਮੰਤਰੀ ਨੇ ਖਿਡਾਰੀਆਂ ਨੂੰ ਪਰੋਸੇ ਜਾਂਦੇ ਮਾੜੇ ਮਿਆਰ ਦੇ ਖਾਣੇ ਗੰਭੀਰ ਨੋਟਿਸ ਲਿਆ ਹੈ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਖਿਡਾਰੀਆਂ ਦੀ ਸਿਹਤ ਅਤੇ ਉਨ੍ਹਾਂ ਦੀ ਡਾਇਟ ਨਾਲ ਕੋਈ ਵੀ ਸਮਝੌਤਾ ਨਹੀਂ ਕਰੇਗੀ। ਇਸ ਦੌਰਾਨ ਉਹਨਾਂ ਨੇ ਮੈਸ ਦੇ ਸਮਾਨ ਦਾ ਖ਼ੁਦ ਨਿਰੀਖਣ ਕੀਤਾ ਅਤੇ ਠੇਕੇਦਾਰ ਨੂੰ ਮੌਕੇ ਉੱਤੇ ਹੀ ਫ਼ੋਨ ਕਰਕੇ ਮਾੜੀ ਕੁਆਲਟੀ ਦੇ ਖਾਣੇ ਲਈ ਫਿਟਕਾਰ ਵੀ ਲਾਈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਡਾਇਟ ਦੇ ਮਾਪਦੰਡਾਂ ਉੱਤੇ ਖਰਾ ਨਾ ਉਤਰਨ ਵਾਲੇ ਠੇਕੇਦਾਰਾਂ ਦੇ ਠੇਕੇ ਰੱਦ ਕੀਤੇ ਜਾਣਗੇ। ਇਸ ਤੋਂ ਇਲਾਵਾ ਖੇਡ ਮੰਤਰੀ ਦੇ ਨਿਰਦੇਸ਼ਾਂ ਉੱਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵੱਲੋਂ ਠੇਕੇਦਾਰ ਨੂੰ ਤਾੜਨਾ ਪੱਤਰ ਵੀ ਜਾਰੀ ਕੀਤਾ ਗਿਆ। ਜਿਸ ਵਿੱਚ ਠੇਕੇਦਾਰ ਨੂੰ ਸਿਰਫ ਉੱਚ ਮਿਆਰ ਦੇ ਖਾਣੇ ਦੇ ਉਤਪਾਦ, ਤਾਜ਼ੀਆਂ ਸਬਜ਼ੀਆਂ ਤੇ ਲੋੜੀਂਦੀ ਡਾਇਟ ਦਾ ਪੂਰਾ ਖਿਆਲ ਰੱਖਣ ਦੀ ਤਾਕੀਦ ਕੀਤੀ ਗਈ ਹੈ। ਦੱਸ ਦਈਏ ਕਿ ਸਪੋਰਟਸ ਕੰਪਲੈਕਸ ਵਿੱਚ ਹਾਕੀ, ਮੁੱਕੇਬਾਜ਼ੀ, ਕੁਸ਼ਤੀ, ਬਾਸਕਟਬਾਲ, ਜੂਡੋ, ਵੇਟਲਿਫਟਿੰਗ, ਜਿਮਨਾਸਟਿਕ ਦੇ ਕਰੀਬ 350 ਖਿਡਾਰੀ ਹਨ। ਇਸ ਸਮੇਂ ਖੇਡ ਮੰਤਰੀ ਨੇ ਡਾਇਰੈਕਟਰ ਖੇਡਾਂ ਅਮਿਤ ਤਲਵਾੜ ਵੀ ਮੌਜੂਦ ਸਨ।