ਖਾਸ ਖਬਰ : ਇਸ ਸ਼ਹਿਰ ‘ਚ ਪੁਰਾਣੇ ਡੀਜ਼ਲ ਅਤੇ ਪੈਟਰੋਲ ਵਾਹਨ ਕੀਤੇ ਜਾਣਗੇ ਜ਼ਬਤ
ਚੰਡੀਗੜ੍ਹ, 11ਸਤੰਬਰ(ਵਿਸ਼ਵ ਵਾਰਤਾ)ਖਾਸ ਖਬਰ – ਗੁਰੂਗ੍ਰਾਮ ‘ਚ ਚੱਲ ਰਹੇ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਨੂੰ ਮੁਹਿੰਮ ਦੇ ਜ਼ਰੀਏ ਜ਼ਬਤ ਕੀਤਾ ਜਾਵੇਗਾ। ਇਸ ਸਬੰਧੀ ਡੀਸੀਪੀ ਟਰੈਫਿਕ ਵਰਿੰਦਰ ਵਿੱਜ ਨੇ ਸਾਰੇ ਵਾਹਨ ਚਾਲਕਾਂ ਨੂੰ ਸੜਕ ’ਤੇ ਵਾਹਨ ਨਾ ਚਲਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 31 ਅਗਸਤ ਤੱਕ ਅਜਿਹੇ 173 ਵਾਹਨ ਜ਼ਬਤ ਕੀਤੇ ਜਾ ਚੁੱਕੇ ਹਨ।
ਟ੍ਰੈਫਿਕ ਪੁਲਸ ਨੇ ਦੱਸਿਆ ਕਿ 1 ਜਨਵਰੀ ਤੋਂ 31 ਅਗਸਤ ਤੱਕ ਐੱਨ.ਜੀ.ਟੀ. ਦੀ ਵਿਸ਼ੇਸ਼ ਚਲਾਨ ਮੁਹਿੰਮ ਤਹਿਤ 10 ਸਾਲ ਪੁਰਾਣੇ 52 ਡੀਜ਼ਲ ਵਾਹਨ ਅਤੇ 15 ਸਾਲ ਪੁਰਾਣੇ 121 ਪੈਟਰੋਲ ਵਾਹਨ ਦਸਤਾਵੇਜ਼ਾਂ ਦੀ ਵੈਧਤਾ ਨਾ ਹੋਣ ਕਾਰਨ ਜ਼ਬਤ ਕੀਤੇ ਗਏ ਹਨ।
ਇਸ ਤੋਂ ਇਲਾਵਾ ਦੱਸਿਆ ਗਿਆ ਕਿ ਹੁਣ ਡੀਜ਼ਲ ਵਾਹਨਾਂ ਦੀ ਐਚਆਰ 26 ਏਡਬਲਯੂ ਸੀਰੀਜ਼ ਅਤੇ ਪੈਟਰੋਲ ਵਾਹਨਾਂ ਦੀ ਐਚਆਰ 26 ਸੀਡੀ ਸੀਰੀਜ਼ ਦੇ ਵਾਹਨ ਜ਼ਬਤ ਕੀਤੇ ਜਾਣਗੇ। ਇਨ੍ਹਾਂ ਸ਼੍ਰੇਣੀਆਂ ਦੇ ਅਧੀਨ ਆਉਣ ਵਾਲੇ ਸਾਰੇ ਡਰਾਈਵਰ ਗੁਰੂਗ੍ਰਾਮ ਅਧਿਕਾਰ ਖੇਤਰ ਵਿੱਚ ਆਪਣੇ ਵਾਹਨ ਨਾ ਚਲਾਉਣ, ਨਹੀਂ ਤਾਂ ਜੇਕਰ ਕਿਸੇ ਵੀ ਸਥਾਨ ‘ਤੇ ਚੈਕਿੰਗ ਦੌਰਾਨ ਫੜਿਆ ਗਿਆ ਤਾਂ ਵਾਹਨ ਜ਼ਬਤ ਕਰ ਲਏ ਜਾਣਗੇ।