ਖਾਲਿਸਤਾਨ ਟਾਈਗਰ ਫੋਰਸ ਦੇ ਤਿੰਨ ਮੈਂਬਰ ਹਥਿਆਰਾਂ ਸਮੇਤ ਮੋਗਾ ਪੁਲਿਸ ਨੇ ਕੀਤੇ ਕਾਬੂ
ਮਸ਼ਹੂਰ ਗੈਂਗਸਟਰ ਵਿੱਕੀ ਗੋਂਡਰ ਦਾ ਇਕ ਸਾਥੀ ਵੀ ਗ੍ਰਿਫਤਾਰ
ਚੰਡੀਗੜ੍ਹ, 4ਜੁਲਾਈ(ਵਿਸ਼ਵ ਵਾਰਤਾ)- ਮੋਗਾ ਪੁਲਿਸ ਨੇ ਕੇਟੀਐਫ ਨਾਲ ਜੁੜੇ ਇੱਕ ਹੋਰ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਖਾਲਿਸਤਾਨ ਟਾਈਗਰ ਫੋਰਸ ਨਾਲ ਸੰਬੰਧਤ ਤਿੰਨ ਮੈਂਬਰਾਂ ਨੂੰ ਕਾਰ, ਹਥਿਆਰ ਅਤੇ 20 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਫੜਿਆ ਗਿਆ ਦੋਸ਼ੀ ਯਾਦਵਿੰਦਰ ਗੈਂਗਸਟਰ ਵਿੱਕੀ ਗੋਂਡਰ ਦਾ ਕਰੀਬੀ ਦੱਸਿਆ ਜਾ ਰਿਹਾ ਹੈ।
ਕਾਬੂ ਕੀਤੇ ਗਏ ਦੋਸ਼ੀਆਂ ਦੀ ਪਛਾਣ ਖੇੜਾ ਪਿੰਡ ਦੇ ਯਾਦਵਿੰਦਰ ਸਿੰਘ ਉਰਫ ਯਾਦੀ, ਤਰਨਤਾਰਨ ਦੇ ਪਿੰਡ ਚੱਕ ਵਾਲਿਆਂ ਦੇ ਰਛਪਾਲ ਸਿੰਘ ਅਤੇ ਮੁਕਤਸਰ ਦੇ ਪਿੰਡ ਮਾਝਾ ਪੱਟੀ ਦੇ ਤਲਵਿੰਦਰ ਸਿੰਘ ਉਰਫ ਮਿੰਟੂ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਲੇਟੀ ਰੰਗ ਦੀ ਸ਼ੇਵਰਲੇਟ ਕਰੂਜ਼ ਕਾਰ ,ਇਕ 0.32 ਬੋਰ ਦੀ ਪਿਸਤੌਲ ਅਤੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਐਸਐਸਪੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਦੀਆਂ ਸਾਂਝੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ ਅਤੇ ਤਿੰਨਾਂ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਹ ਅਰਸ਼ ਡਾਲਾ ਦੀਆਂ ਹਦਾਇਤਾਂ ’ਤੇ ਕਾਰਵਾਈ ਕਰ ਰਹੇ ਸਨ ਅਤੇ ਤਲਵੰਡੀ ਭਾਈ ਵਿਖੇ ਮਠਿਆਈ ਦੀ ਦੁਕਾਨ ਦੇ ਮਾਲਕ ਕੋਲੋਂ ਫਿਰੌਤੀ ਦੀ ਰਕਮ ਚੋਰੀ ਕਰਨ ਦੀ ਵਾਰਦਾਤ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਤਿੰਨੋਂ ਮੁਲਜ਼ਮ ਪਹਿਲਾਂ ਹੀ ਕਈ ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯਾਦਵਿੰਦਰ ਯਾਦੀ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਸੀ।