14 ਅਪ੍ਰੈਲ ਲਈ ਵਿਸ਼ੇਸ਼:
ਸੰਨ ੧੬੯੯ ਦੀ ਵੈਸਾਖੀ ਦਾ ਦਿਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿਰਜੇ ਖਾਲਸਾ ਪੰਥ ਕਾਰਨ ਦੁਨੀਆ ਦੇ ਇਤਿਹਾਸ ਅੰਦਰ ਇੱਕ ਨਿਵੇਕਲਾ ਅਧਿਆਇ ਸਿਰਜ ਗਿਆ। ਇਹ ਗੁਰੂ ਸਾਹਿਬ ਦੀ ਇੱਕ ਨਿਰਾਲੀ ਯਾਦ ਵਜੋਂ ਸਿੱਖ ਇਤਿਹਾਸ ਅੰਦਰ ਸਦਾ ਤਾਜ਼ਾ ਹੈ। ਗੁਰੂ ਸਾਹਿਬ ਵੱਲੋਂ ਖ਼ਾਲਸਾ ਸਿਰਜਣਾ ਦੇ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾਡ਼ੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ ਬਣਾ ਕੇ ਅਰਸ਼ ‘ਤੇ ਪਹੁੰਚਾ ਦਿੱਤਾ। ਜੇਕਰ ਇਹ ਆਖ ਲਈਏ ਕਿ ਅਨੰਦਾਂ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ੧੬੯੯ ਦੀ ਵਿਸਾਖੀ ਦਾ ਦਿਨ ਜੁਲਮ, ਬੇਇਨਸਾਫੀ, ਵਿਤਕਰੇ, ਜਬਰ, ਝੂਠ, ਪਾਖੰਡ, ਅਨਿਆਂ ਆਦਿ ਵਿਰੁਧ ਇਕ ਸੰਘਰਸ਼ ਦਾ ਬਿਗਲ ਬਣਿਆ, ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਧਾਰਮਿਕ ਇਤਿਹਾਸ ਅੰਦਰ ਇਹ ਦਿਨ ਅਨੋਖਾ ਨਜ਼ਾਰਾ ਪੇਸ਼ ਕਰਨ ਵਾਲਾ ਵੀ ਹੈ, ਕਿਉਂਕਿ ਇਸ ਦਿਨ ਜਿਥੇ ਇੱਕ ਪਾਸੇ ਗੁਰੂ ਜੀ ਵੱਲੋਂ ਸਾਜੇ ਪੰਜ ਪਿਆਰੇ ਗੁਰੂ ਸਾਹਿਬ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਨਿਹਾਲ ਹੋ ਰਹੇ ਹਨ, ਉਥੇ ਹੀ ਦੂਸਰੇ ਪਾਸੇ ਗੁਰੂ ਸਾਹਿਬ ਨੂੰ ਵੀ ਅੰਮ੍ਰਿਤ ਛਕਾ ਰਹੇ ਹਨ। ਇਸ ਨਾਲ ਗੁਰੂ ਤੇ ਚੇਲੇ ਦਾ ਅਜਿਹਾ ਨਵਾਂ ਰੂਪ ਸਾਹਮਣੇ ਆਇਆ ਜਿਸ ਵਿਚ ਗੁਰੂ-ਚੇਲੇ ਵਿਚ ਕੋਈ ਭਿੰਨ-ਭੇਦ ਨਹੀਂ ਹੈ। ਭਾਈ ਗੁਰਦਾਸ ਜੀ ਇਸ ਦਾ ਖੂਬਸੂਰਤ ਚਿਤਰਨ ਕਰਦੇ ਹਨ, ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥’
ਖਾਲਸੇ ਦਾ ਅਰਥ ਸ਼ੁੱਧ, ਨਿਰਮਲ ਅਤੇ ਬਿਨਾਂ ਮਿਲਾਵਟ ਤੋਂ ਹੈ। ਖਾਲਸਾ ਝੂਠ, ਬੇਈਮਾਨੀ, ਵਲ਼-ਫਰੇਬ ਤੋਂ ਦੂਰ ਮਨੁੱਖਤਾ ਦਾ ਹਮਦਰਦ ਹੈ। ਖਾਲਸਾ ਇਕ ਅਕਾਲ ਪੁਰਖ ਦਾ ਪੁਜਾਰੀ ਹੈ। ਪੰਜ-ਕਕਾਰੀ ਰਹਿਤ ਰੱਖਣੀ, ਪੰਜਾਂ ਬਾਣੀਆਂ ਦਾ ਪਾਠ ਕਰਨਾ, ਸਦਾ ਹੀ ਸੱਚਾ ਤੇ ਧਰਮੀ ਜੀਵਨ ਜਿਉਣਾ ਖਾਲਸੇ ਦਾ ਨੇਮ ਹੈ। ਉੱਚੀ-ਸੁੱਚੀ ਜੀਵਨ-ਜਾਚ ਦਾ ਅਨੁਸਾਰੀ ਹੋਣਾ ਹੀ ਖਾਲਸੇ ਦਾ ਪਰਮ ਧਰਮ ਕਰਤੱਵ ਹੈ।
ਖਾਲਸਾ ਸਾਜਣਾ ਦੇ ਇਤਿਹਾਸ ਤੇ ਝਾਤ ਮਾਰੀਏ ਤਾਂ ਇਸ ਕਾਰਜ ਦੀ ਸੰਪੂਰਨਤਾ ਲਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਰਾਜਸੀ, ਸਮਾਜਿਕ ਤੇ ਧਾਰਮਿਕ ਪਡ਼ਚੋਲ ਤੋਂ ਪਿੱਛੋਂ ੧੬੯੯ ਈ. ਦੀ ਵਿਸਾਖੀ ਨੂੰ ਵੱਡੇ ਇਕੱਠ ਲਈ ਸੰਗਤਾਂ ਨੂੰ ਵਿਸ਼ੇਸ਼ ਸੱਦੇ ਭੇਜੇ। ਆਪ ਜੀ ਦੇ ਇਸ ਸੱਦੇ ‘ਤੇ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ, ਜਿਥੇ ਸੰਗਤਾਂ ਦੇ ਭਾਰੀ ਇਕੱਠ ਵਿਚ ਪਾਤਸ਼ਾਹ ਜੀ ਨੇ ਖ਼ਾਲਸੇ ਦੀ ਸਾਜਣਾ ਕੀਤੀ। ਆਪ ਜੀ ਨੇ ਵਾਰੀ ਵਾਰੀ ਪੰਜ ਸੀਸ ਮੰਗੇ, ਜਿਸ ‘ਤੇ ਖਰਾ ਉੱਤਰਦਿਆਂ ਪੰਜ ਮਰਜੀਵਡ਼ਿਆਂ ਨੇ ਆਪਣੇ ਸੀਸ ਭੇਟ ਕੀਤੇ। ਸਤਿਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਉਪਾਧੀ ਬਖ਼ਸ਼ਿਸ਼ ਕੀਤੀ। ਇਹ ਪੰਜ ਪਿਆਰੇ ਵੱਖ-ਵੱਖ ਇਲਾਕਿਆਂ, ਫਿਰਕਿਆਂ ਨਾਲ ਸਬੰਧਤ ਸਨ। ਗੁਰੂ ਸਾਹਿਬ ਨੇ ਇਨ੍ਹਾਂ ਦੇ ਨਾਮ ਨਾਲ ‘ਸਿੰਘ’ ਲਗਾਇਆ ਅਤੇ ਬਚਨ ਕੀਤਾ ਕਿ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ, ਤੁਹਾਡੀਆਂ ਪਿਛਲੀਆਂ ਜਾਤਾਂ-ਗੋਤਾਂ ਸਭ ਖ਼ਤਮ ਤੇ ਅੱਜ ਤੋਂ ਤੁਸੀਂ ਵਾਹਿਗੁਰੂ ਜੀ ਦਾ ਖ਼ਾਲਸਾ ਹੋ। ਇਸ ਤਰ੍ਹਾਂ ਖ਼ਾਲਸਾ ਪੰਥ ਦੀ ਸਿਰਜਣਾ ਆਤਮਿਕ ਏਕਤਾ ਤੇ ਇਕਸੁਰਤਾ, ਸਮਾਜਕ ਬਰਾਬਰੀ ਅਤੇ ਸਦਭਾਵਨਾ ਦੀ ਪ੍ਰਤੀਕ ਮੰਨੀ ਜਾਂਦੀ ਹੈ।
ਖ਼ਾਲਸੇ ਦੀ ਸਾਜਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਮਹਾਨ ਕਾਰਜ ਸੀ, ਜਿਸ ਨੂੰ ਵਿਦਵਾਨਾਂ ਨੇ ਇੱਕ ਕ੍ਰਾਂਤੀਕਾਰੀ ਤੇ ਇਤਿਹਾਸਕ ਕਦਮ ਦੱਸਿਆ। ਡਾ. ਗੰਡਾ ਸਿੰਘ ਅਨੁਸਾਰ ‘ਗਊਆਂ ਸ਼ੇਰ ਬਣ ਗਈਆਂ ਅਤੇ ਵੱਢ ਖਾਣੇ ਜਾਨਵਰਾਂ ਦਾ ਹੁਣ ਕੋਈ ਖ਼ਤਰਾ ਨਾ ਰਿਹਾ।’ ਡਾ. ਜੇ.ਐੱਸ. ਗਰੇਵਾਲ ਅਨੁਸਾਰ ‘ਖ਼ਾਲਸੇ ਦੀ ਸਿਰਜਣਾ ਕਰਕੇ ਗੁਰੂ ਸਾਹਿਬ ਜੀ ਨੇ ਸਿੱਖ ਪੰਥ ਨੂੰ ਬਾਹਰ ਦੀ ਦਖਲ ਅੰਦਾਜ਼ੀ ਨੂੰ ਸ਼ਕਤੀ ਨਾਲ ਰੋਕਣ ਦੇ ਯੋਗ ਬਣਾ ਦਿੱਤਾ। ਸਿੱਖਾਂ ਨੂੰ ਜੀਵਨ ਬਲੀਦਾਨ ਕਰਕੇ ਆਪਣੇ ਅਧਿਕਾਰਾਂ ਦੀ ਰਾਖੀ ਦਾ ਰਾਹ ਦੱਸਿਆ।’ ਡਾ. ਮੈਕਲੋਡ ਅਨੁਸਾਰ ‘ਇਨ੍ਹਾਂ ਪੰਜ ਗੁਰਸਿੱਖਾਂ ਨਾਲ ਗੁਰੂ ਸਾਹਿਬ ਜੀ ਨੇ ਖ਼ਾਲਸਾ ਨਾਮੀ ਨਵੇਂ ਭਾਈਚਾਰੇ ਦੀ ਨੀਂਹ ਰੱਖੀ।’ ਡਾ. ਗੋਕਲ ਚੰਦ ਨਾਰੰਗ ਅਨੁਸਾਰ ‘ਜਾਤ-ਪਾਤ ਤੋਡ਼ ਕੇ ਸਾਰਿਆਂ ਨੂੰ ਇੱਕੋ ਜਿਹੇ ਹਕੂਕ ਦੇ ਕੇ, ਇਕੋ ਪੂਜਾ ਅਸਥਾਨ, ਇਕੋ ਬਾਟੇ ਵਿਚ ਸਾਰੀਆਂ ਜਾਤਾਂ ਨੂੰ ਅੰਮ੍ਰਿਤ ਛਕਾ ਕੇ ਸਾਰਿਆਂ ਨੂੰ ਇਕੋ ਜਿਹੀ ਰਹਿਤ ਮਰਯਾਦਾ ਦੇ ਕੇ ਸਾਂਝੇ ਆਦਰਸ਼ਾਂ ਲਈ ਇਕੱਠਾ ਕਰ ਸਿੱਖਾਂ ਵਿਚ ਨਾ ਭੰਗ ਹੋਣ ਵਾਲੀ ਏਕਤਾ ਪੈਦਾ ਕੀਤੀ ਅਤੇ ਇਕ ਲਡ਼ੀ ਵਿਚ ਪਰੋ ਦਿੱਤਾ।’
ਖਾਲਸੇ ਦੀ ਮਹਿਮਾ ਵੀ ਵਿਲੱਖਣ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਵਿਚ ਖ਼ਾਲਸੇ ਦੀ ਮਹਿਮਾ ਕਰਦੇ ਹੋਏ ਫੁਰਮਾਨ ਕਰਦੇ ਹਨ:
ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ॥
ਅਘ ਅਉਘ ਟਰੈ ਇਨ ਹੀ ਕੇ ਪ੍ਰਸਾਦਿ ਇਨ ਹੀ ਕੀ ਕ੍ਰਿਪਾ ਫੁਨ ਧਾਮ ਭਰੇ॥
ਇਨ ਹੀ ਕੇ ਪ੍ਰਸਾਦਿ ਸੁ ਬਿੱਦਿਆ ਲਈ ਇਨ ਹੀ ਕੀ ਕ੍ਰਿਪਾ ਸਭ ਸ਼ੱਤ੍ਰ ਮਰੇ॥
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀ ਮੋਸੇ ਗਰੀਬ ਕਰੋਰ ਪਰੇ॥
ਸੋ, ਖ਼ਾਲਸਾ ਸਿਰਜਣਾ ਦਿਵਸ ਗੁਰੂ ਆਸ਼ੇ ਅਨੁਸਾਰੀ ਹੋ ਕੇ ਜੀਵਨ ਜਿਉਣ ਦੀ ਪ੍ਰੇਰਨਾ ਵਜੋਂ ਹੈ। ਇਸ ਇਤਿਹਾਸਕ ਅਵਸਰ ‘ਤੇ ਮੈਂ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਆਓ! ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਸ਼ ਕੀਤੀ ਖੰਡੇ-ਬਾਟੇ ਦੀ ਪਾਹੁਲ ਛਕ ਕੇ, ਗੁਰਮਤਿ ਦੇ ਧਾਰਨੀ ਬਣੀਏ ਅਤੇ ‘ਧਰਮ ਦਾ ਜੈਕਾਰ’ ਦੇ ਮਿਸ਼ਨ ਨੂੰ ਸਾਕਾਰ ਕਰਦੇ ਹੋਏ ਆਪਣਾ ਜੀਵਨ ਸਫਲਾ ਕਰੀਏ। ਭਵਿੱਖ ਦੀ ਨਵੀਂ ਪੀਡ਼੍ਹੀ ਨੂੰ ਅਜਿਹੇ ਗੌਰਵਮਈ ਵਿਰਸੇ ਨਾਲ ਜੋਡ਼ਨ ਲਈ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਬਣਾਉਣ ਲਈ ਮਾਤਾ-ਪਿਤਾ ਦਾ ਵੱਡਾ ਯੋਗਦਾਨ ਹੁੰਦਾ ਹੈ। ਇਸ ਕਾਰਜ ਲਈ ਹਰ ਗੁਰਸਿੱਖ ਨੂੰ ਵਿਅਕਤੀਗਤ ਰੂਪ ਵਿਚ ਤੇ ਹਰ ਸੰਸਥਾ ਨੂੰ ਸੰਸਥਾਗਤ ਰੂਪ ਵਿਚ ਉਪਰਾਲੇ ਕਰਨੇ ਚਾਹੀਦੇ ਹਨ। ਸਮੂਹ ਸੰਗਤਾਂ ਨੂੰ ਆਪਣੇ ਮਹਾਨ ਤੇ ਅਮੀਰ ਵਿਰਸੇ ਨੂੰ ਪਛਾਣਦੇ ਹੋਏ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਚਾਹੀਦਾ ਹੈ।
ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ ਸਾਹਿਬ।