ਖਰੜ ਹਲਕੇ ਦੇ ਪਿੰਡ ਟਾਂਡਾ ਤੋਂ ਮਸੌਲ ਤੱਕ ਕਰੋੜਾਂ ਦੀ ਲਾਗਤ ਨਾਲ ਬਣਨਗੇ ਪੁਲ
ਜਲਦ ਹੀ ਕੰਮ ਹੋ ਜਾਵੇਗਾ ਸ਼ੁਰੂ – ਕੈਬਨਿਟ ਮੰਤਰੀ ਅਨਮੋਲ ਗਗਨ ਮਾਨ
ਖਰੜ,3ਫਰਵਰੀ(ਵਿਸ਼ਵ ਵਾਰਤਾ)- ਖਰੜ ਹਲਕੇ ਦੇ ਪਿੰਡ ਟਾਂਡਾ ਤੋਂ ਮਸੌਲ ਪਿੰਡ ਤੱਕ ‘ਪਟਿਆਲਾ ਦੀ ਰਾਓ‘ ਨਦੀ ਉੱਪਰ 11 ਕਰੋੜ 22 ਲੱਖ ਦੀ ਲਾਗਤ ਨਾਲ 5 ਪੁਲ ਪਾਸ ਹੋ ਗਏ ਹਨ ਜਿੰਨ੍ਹਾਂ ਦਾ ਕੰਮ ਕੁਝ ਦਿਨਾਂ ‘ਚ ਸ਼ੁਰੂ ਹੋ ਜਾਵੇਗਾ।
ਪੰਜਾਬ ਦੀ ਕੈਬਨਿਟ ਮੰਤਰੀ ਅਤੇ ਖਰੜ ਹਲਕੇ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਹਨਾਂ ਪੁਲਾਂ ਦਾ ਖਰਚਾ ਨਾਬਾਰਡ ਵੱਲੋਂ ਕੀਤਾ ਜਾਵੇਗਾ ਅਤੇ ਪਟਿਆਲਾ ਕੀ ਰਾਓ ਨਦੀ ਉੱਤੇ ਇਹ ਪੁਲ ਲੱਗਣ ਨਾਲ ਟਾਂਡਾ ਤੋਂ ਮਸੌਲ ਰਾਹੀਂ ਹਿਮਾਚਲ ਪ੍ਰਦੇਸ਼ ਨੂੰ ਸੜਕ ਰਾਹੀਂ ਪਹੁੰਚ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਵਿੱਚ ਇਹ ਪਿੰਡ ਸਾਰੇ ਪਾਸਿਓਂ ਕੱਟ ਜਾਂਦੇ ਸਨ ਅਤੇ ਕਈ ਵਾਰ ਨਦੀ ‘ਚ ਹੜ੍ਹ ਆਉਣ ਕਾਰਨ ਭਿਆਨਕ ਹਾਦਸੇ ਵੀ ਵਾਪਰ ਜਾਂਦੇ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਇਹ ਮੁੱਖ ਮੰਗ ਸੀ ਅਤੇ ਪਿਛਲੀਆਂ ਬਰਸਾਤਾਂ ਦੇ ਮੌਸਮ ‘ਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਸੀ ਜਿਸ ਕਾਰਨ ਮੈਂ ਇਸ ਮਸਲੇ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਲਈ ਸੰਬੰਧਤ ਅਧਿਕਾਰੀਆਂ ਨੂੰ ਪ੍ਰੋਜੈਕਟ ਬਣਾਉਣ ਲਈ ਕਿਹਾ, ਜਿਸ ਦਾ ਪੰਜਾਬ ਸਰਕਾਰ ਨੇ 11 ਕਰੋੜ 22 ਲੱਖ ਮਨਜ਼ੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਇਸ ਕੰਮ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਕਿ ਇਹ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਇਨ੍ਹਾਂ ਪੁਲਾਂ ਦਾ ਕੰਮ ਪੂਰਾ ਹੋ ਜਾਵੇ।