ਖਰੜ ‘ਚ ਹਨੀ ਟਰੈਪ ਦਾ ਮਾਮਲਾ ਆਇਆ ਸਾਹਮਣੇ
ਨੌਜਵਾਨ ਨੂੰ ਅਗਵਾ ਕਰਕੇ ਮੰਗੀ ਲੱਖਾਂ ਦੀ ਫਿਰੌਤੀ
ਮਹਿਲਾ ਸਮੇਤ 3 ਆਰੋਪੀ ਕਾਬੂ
ਖਰੜ,12ਮਾਰਚ(ਵਿਸ਼ਵ ਵਾਰਤਾ) ਖਰੜ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਜਿਸਨੇ ਹਨੀ ਟਰੈਪ ਵਿੱਚ ਫਸਾ ਕੇ ਇੱਕ ਨੌਜਵਾਨ ਨੂੰ ਅਗਵਾਹ ਕਰ ਲਿਆ ਅਤੇ ਅਗਵਾਹ ਕੀਤੇ ਨੌਜਵਾਨ ਦੇ ਘਰਦਿਆਂ ਤੋਂ 20 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ।
ਡੀਐਸਪੀ ਖਰੜ ਰੁਪਿੰਦਰ ਕੌਰ ਸੋਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਪ੍ਰਤੀਕ ਸਿੰਗਲਾ ਜੋ ਕਿ ਕਰਨਾਲ ਦਾ ਰਹਿਣ ਵਾਲਾ ਹੈ ਦੇ ਘਰਦਿਆਂ ਦਾ ਇਕ ਮੈਸੇਜ ਮਿਲਿਆ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਸਾਡੇ ਮੁੰਡੇ ਨੂੰ ਕਿਡਨੈਪ ਕਰ ਲਿਆ ਗਿਆ ਹੈ ਤੇ 20 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਹੈ। ਅੱਗੇ ਡੀਐਸਪੀ ਸੋਹੀ ਨੇ ਦੱਸਿਆ ਕੀ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਮੌਕੇ ਤੇ ਪਹੁੰਚ ਕੇ ਇੱਕ ਵਿਅਕਤੀ ਕਮਲਜੀਤ ਸਿੰਘ ਤੇ ਉਸਦੀ ਪਤਨੀ ਛਾਇਆ ਅਤੇ ਕਮਲਜੀਤ ਦੇ ਦੋਸਤ ਸੁੰਦਰ ਕੁਮਾਰ ਨੂੰ ਕਾਬੂ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁੱਛਗਿੱਛ ਕੀਤੀ ਗਈ ਤੇ ਪਤਾ ਲੱਗਿਆ ਕਿ ਉਹਨਾਂ ਤਿੰਨੋਂ ਆਰੋਪੀਆਂ ਨੇ ਹਨੀ ਟਰੈਪ ਰਾਂਹੀਂ ਨੌਜਵਾਨ ਨੂੰ ਆਪਣੇ ਘਰੇ ਬੁਲਾਇਆ ਸੀ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਇਹਨਾਂ ਆਰੋਪੀਆਂ ਵੱਲੋਂ ਪਹਿਲਾਂ ਵੀ ਇਸੇ ਤਰ੍ਹਾਂ ਕਈ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਨਕਦੀ ਹਾਸਲ ਕੀਤੀ ਗਈ ਹੈ। ਇਹਨਾਂ ਤਿੰਨਾਂ ਦੋਸ਼ੀਆਂ ਤੇ ਪਰਚਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।