ਕੱਲ੍ਹ ਨੂੰ ਪੂਰੇ ਦੇਸ਼ ਵਿੱਚ ਸੰਯੁਕਤ ਕਿਸਾਨ ਮੋਰਚਾ ਮਨਾਏਗਾ ਬਲੈਕ ਡੇਅ
ਚੰਡੀਗੜ੍ਹ,22ਫਰਵਰੀ(ਵਿਸ਼ਵ ਵਾਰਤਾ)-13 ਫਰਵਰੀ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਦਾ ਅੱਜ 10ਵਾਂ ਦਿਨ ਹੈ। ਅੱਜ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਮਾਹੌਲ ਸ਼ਾਂਤ ਰਿਹਾ। ਬੀਤੇ ਦਿਨ ਖਨੌਰੀ ਸਰਹੱਦ ‘ਤੇ ਨੌਜਵਾਨ ਕਿਸਾਨ ਸ਼ੁਭਕਰਮਨ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਆਪਣਾ ਦਿੱਲੀ ਮਾਰਚ ਫਿਲਹਾਲ ਰੋਕ ਦਿੱਤਾ ਹੈ। ਕਿਸਾਨ ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ 2 ਦਿਨਾਂ ਤੱਕ ਰਣਨੀਤੀ ਬਣਾਵਾਂਗੇ। ਅਗਲਾ ਫੈਸਲਾ ਕੱਲ੍ਹ ਯਾਨੀ 23 ਫਰਵਰੀ ਨੂੰ ਲਿਆ ਜਾਵੇਗਾ। ਅੱਜ ਦੁਪਹਿਰ ਬਾਅਦ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੋਈ। ਜਿਸ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਭਲਕੇ ਦੇਸ਼ ਵਿੱਚ ਬਲੈਕ ਡੇਅ ਮਨਾਇਆ ਜਾਵੇਗਾ। 26 ਫਰਵਰੀ ਨੂੰ ਟਰੈਕਟਰ ਮਾਰਚ ਅਤੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮਹਾਪੰਚਾਇਤ ਹੋਵੇਗੀ।
ਇਸ ਤੋਂ ਪਹਿਲਾਂ ਅੱਜ ਸਵੇਰੇ ਸਰਵਨ ਪੰਧੇਰ ਨੇ ਇੱਕ ਤਸਵੀਰ ਜਾਰੀ ਕੀਤੀ, ਜਿਸ ਵਿੱਚ ਪੁਲਿਸ ਗੋਲੀਬਾਰੀ ਕਰਦੀ ਨਜ਼ਰ ਆ ਰਹੀ ਹੈ। ਪੰਧੇਰ ਨੇ ਕਿਹਾ ਕਿ ਇਹ ਤਸਵੀਰ ਦਰਸਾਉਂਦੀ ਹੈ ਕਿ ਸਿੱਧੀ ਗੋਲੀਬਾਰੀ ਕੀਤੀ ਗਈ ਹੈ। ਪੰਜਾਬ ਸਰਕਾਰ ਹਮਲਾਵਰਾਂ ਖਿਲਾਫ ਕਤਲ ਦਾ ਕੇਸ ਦਰਜ ਕਰੇ। ਇਸ ਦੇ ਨਾਲ ਹੀ ਅੱਜ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਪੰਜਾਬ ਨੇ ਕਿਸਾਨ ਦੀ ਮੌਤ ਦੇ ਵਿਰੋਧ ਵਿੱਚ ਜਲੰਧਰ-ਲੁਧਿਆਣਾ ਵਿਚਕਾਰ ਫਿਲੌਰ ਵਿੱਚ ਜੰਮੂ ਦਿੱਲੀ ਨੈਸ਼ਨਲ ਹਾਈਵੇਅ ਜਾਮ ਕੀਤਾ।ਹਰਿਆਣਾ ਵਿੱਚ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਨੇ ਨੈਸ਼ਨਲ ਹਾਈਵੇ-44 ਨੂੰ 2 ਘੰਟੇ ਲਈ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ।