ਕੰਨਿਆਂ ਸਕੂਲ ਰਾਹੋਂ ਵਿਖੇ ਸਕੂਲ ਮੈਗਜ਼ੀਨ “ਭਵਿੱਖ ਦੀ ਉੜਾਨ” ਜਾਰੀ
ਨਵੇਂ ਸੈਸ਼ਨ ਦੇ ਦਾਖਲਿਆਂ ਲਈ ਪੈਂਫਲੈਟ ਵੀ ਜਾਰੀ ਕੀਤਾ ਗਿਆ
ਰਾਹੋਂ/ਨਵਾਂਸ਼ਹਿਰ, 16 ਨਵੰਬਰ(ਵਿਸ਼ਵ ਵਾਰਤਾ)-ਸਕੂਲ ਸਿਖਿਆ ਵਿਭਾਗ, ਪੰਜਾਬ ਅਤੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਵਿਖੇ ਬਾਲ ਦਿਵਸ ਮਨਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥਣਾਂ ਵਲੋਂ ਸਾਇੰਸ, ਗਣਿਤ, ਸਮਾਜਿਕ ਸਿਖਿਆ ਆਦਿ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ। ਸਕੂਲ ਦੀ ਸਾਇੰਸ ਅਧਿਆਪਕਾ ਸੋਨਾ ਸ਼ਰਮਾ ਵਲੋਂ ਬਾਜ਼ਰੇ ਦੀਆਂ ਵੱਖ-ਵੱਖ ਕਿਸਮਾਂ ਦੀ ਮਹੱਤਤਾ ਨੂੰ ਦਰਸਾਉਂਦਾ ਮਾਡਲ ਪੇਸ਼ ਕੀਤਾ ਗਿਆ। ਰਮਨ ਕੁਮਾਰ ਲਾਇਬ੍ਰੇਰੀਅਨ ਵਲੋਂ ਕਿਤਾਬਾਂ ਦਾ ਲੰਗਰ ਲਗਾਇਆ ਗਿਆ। ਅਧਿਆਪਕਾ ਨੀਸ਼ੂ ਬਾਲਾ ਅਤੇ ਸੁਖਮਿੰਦਰ ਕੌਰ ਵਲੋਂ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ, ਜਸਵੀਰ ਰਾਜ ਅਤੇ ਰਾਜਨ ਰਾਣਾ ਵਲੋਂ ਪੇਂਟਿੰਗ ਮੁਕਾਬਲੇ, ਮਨਦੀਪ ਕੌਰ ਅਤੇ ਹਰਪ੍ਰੀਤ ਕੌਰ ਵਲੋਂ ਗੀਤ ਗਾਇਨ, ਕਵਿਤਾ ਉਚਾਰਣ ਅਤੇ ਭਾਸ਼ਨ ਮੁਕਾਬਲੇ ਅਤੇ ਰਣਜੀਤ ਸਿੰਘ ਡੀ ਪੀ ਵਲੋਂ ਵੱਖ-ਵੱਖ ਮਨੋਰੰਜਕ ਖੇਡ ਮੁਕਾਬਲੇ ਜਿਵੇਂ ਨਿੰਬੂ ਚਮਚ ਦੌੜ, ਇੱਕ ਲੱਤ ਭਾਰ ਦੌੜ ਆਦਿ ਕਰਵਾਏ ਗਏ।
ਸਾਰੇ ਪ੍ਰਦਰਸ਼ਿਤ ਮਾਡਲਾਂ ਦਾ ਮੁੱਖ ਮਹਿਮਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਵਲੋਂ ਬਹੁਤ ਹੀ ਬਰੀਕੀ ਨਾਲ ਜਾਇਜ਼ਾ ਲਿਆ ਗਿਆ। ਉਨ੍ਹਾਂ ਸਮਾਰਟ ਕਲਾਸ ਰੂਮ ਅੰਦਰ ਪ੍ਰੋਜੈਕਟਰਾਂ ਦਾ ਅਤੇ ਸਮਾਜਿਕ ਸਿੱਖਿਆ ਅਤੇ ਮੈਥ ਸਾਇੰਸ ਪਾਰਕ ਦਾ ਮੁਆਇਨਾ ਵੀ ਕੀਤਾ।
ਇਸ ਮੌਕੇ ਮੱੁਖ ਮਹਿਮਾਨ ਵਲੋਂ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥਣਾਂ ਦੀਆਂ ਰਚਨਾਵਾਂ ਨਾਲ ਸਜਿਆ ਮੈਗਜ਼ੀਨ “ਭਵਿੱਖ ਦੀ ਉੜਾਨ” ਜਾਰੀ ਕੀਤਾ ਗਿਆ ਅਤੇ ਨਵੇਂ ਸੈਸ਼ਨ ਦੇ ਦਾਖਲਿਆਂ ਲਈ ਪੈਂਫਲੈਟ ਵੀ ਜਾਰੀ ਕੀਤਾ ਗਿਆ। ਉਨ੍ਹਾਂ ਵਿਦਿਆਰਥਣਾਂ ਨੂੰ ਸੰਦੇਸ਼ ਦਿੰਦਿਆ ਕਿਹਾ ਕਿ ਜਿੰਦਗੀ ਵਿੱਚ ਕਦੇ ਵੀ ਹੌਂਸਲਾ ਨਹੀਂ ਛੱਡਣਾ ਅਤੇ ਆਪਣੇ ਮਕਸਦ ਵਲ ਮਿਹਨਤ ਅਤੇ ਲਗਨ ਨਾਲ ਵਧਣਾ ਹੈ, ਜਿਸ ਨਾਲ ਤੁਸੀਂ ਆਪਣੀ ਮੰਜ਼ਿਲ ਜ਼ਰੂਰ ਪਾਓਗੇ।
ਪਿ੍ਰੰਸੀਪਲ ਬਲਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਪ੍ਰੋਗਰਾਮ ਦਾ ਬੁਹਤ ਹੀ ਸੁਚੱਜੇ ਢੰਗ ਨਾਲ ਪ੍ਰਬੰਧ ਕਰਨ ਲਈ ਸਤਨਾਮ ਸਿੰਘ ਸੂੰਨੀ ਲੈਕ ਬਾਇਓਲੋਜੀ, ਅਧਿਆਪਕਾ ਸਵਿਤਾ ਅਤੇ ਸਮੂਹ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਜੇਤੂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਗੁਰਮੀਤ ਸਿਆਣ ਵਲੋਂ ਨਿਭਾਈ ਗਈ।
ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸੀ ਜੇ ਐਮ ਅਸ਼ੀਸ਼ ਬਾਂਸਲ ਤੋਂ ਇਲਾਵਾ ਗੁਰਸ਼ਰਨਦੀਪ, ਦਵਿੰਦਰ ਕੌਰ ਬਾਜਵਾ, ਗਗਨਪ੍ਰੀਤ ਕੌਰ, ਅਜੀਤ ਸਿੰਘ, ਰਾਜਵਿੰਦਰ ਸਿੰਘ ਸੰਧੂ, ਰਣਜੀਤ ਕੌਰ, ਰੇਨੂੰ, ਕਮਲਦੀਪ, ਅਲਕਾ ਅਰੋੜਾ, ਜਸਵਿੰਦਰ ਕੌਰ, ਸੰਦੀਪ ਕੌਰ, ਨੀਲਮ ਰਾਣੀ, ਨੀਨਾ, ਸਤਿੰਦਰਪਾਲ ਕੌਰ, ਬਲਵਿੰਦਰ ਕੌਰ, ਕਰਮਜੀਤ ਕੌਰ, ਨਿਧੀ ਉਮਟ, ਸੰਜੀਵ ਕੁਮਾਰ ਅਤੇ ਅਨੀਤਾ ਦੇਵੀ ਹਾਜ਼ਰ ਸਨ।