ਕੰਗਨਾ ਰਣੌਤ ਦੇ ਥੱਪੜ ਮਾਰਨ ਤੋਂ ਬਾਅਦ ਚਰਚਾ ‘ਚ ਆਈ ਕੁਲਵਿੰਦਰ ਕੌਰ
ਜਾਣੋ ਪੂਰਾ ਘਟਨਾਕ੍ਰਮ ਮਾਮਲੇ ‘ਚ ਹੁਣ ਤੱਕ ਕੀ ਵਾਪਰਿਆ
ਚੰਡੀਗੜ੍ਹ, 8 ਜੂਨ (ਵਿਸ਼ਵ ਵਾਰਤਾ):- ਚੰਡੀਗੜ੍ਹ ਏਅਰਪੋਰਟ ‘ਤੇ CISF ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਵੱਲੋ ਮੰਡੀ ਤੋਂ ਨਵ ਨਿਯੁਕਤ MP ਕੰਗਨਾ ਰਣੌਤ ਦੇ ਥੱਪੜ ਮਾਰਨ ਦਾ ਮਾਮਲਾ ਲਗਾਤਾਰ 2 ਦਿਨਾਂ ਤੋਂ ਮੀਡਿਆ ਦੀਆਂ ਸੁਰਖੀਆਂ ‘ਚ ਬਣਿਆ ਹੋਇਆ ਹੈ। ਇਸ ਥੱਪੜ ਨੇ ਜਿਥੇ ਲੋਕਤੰਤਰ ਵਿਚ ਵਿਰੋਧ ਕਰਨ ਦੇ ਤੌਰ ਤਰੀਕਿਆਂ ‘ਤੇ ਇਕ ਡਿਬੇਟ ਛੇੜ ਦਿੱਤੀ ਹੈ ਉਥੇ ਹੀ ਇਹ ਚਰਚਾ ਵੀ ਹੋ ਰਹੀ ਹੈ ਕਿ ਲੋਕਾਂ ਦੀ ਸੁਰੱਖਿਆ ਵਿਚ ਤਾਇਨਾਤ ਇਕ ਕਰਮਚਾਰੀ ਵੱਲੋ ਇਸ ਤਰਾਂ ਕਰਨਾ ਕਿੰਨਾ ਕੂ ਜਾਇਜ ਹੈ। ਇਸ ਸਾਰੀ ਘਟਨਾ ਨੇ ਸਿਆਸੀ ਅਤੇ ਨੈਤਿਕ ਪਹਿਲੂਆਂ ‘ਤੇ ਨੇਤਾ ਤੋਂ ਲੈ ਕੇ ਅਭਿਨੇਤਾ ਤੱਕ ਬਿਆਨ ਦੇ ਰਹੇ ਹਨ।
ਕੌਣ ਹੈ ਕੁਲਵਿੰਦਰ ਕੌਰ
ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ CISF ਦੀ ਜਵਾਨ ਕੁਲਵਿੰਦਰ ਕੌਰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਹੀਵਾਲ ਦੀ ਰਹਿਣ ਵਾਲੀ ਹੈ। ਜਾਣਕਾਰੀ ਮੁਤਾਬਕ ਕੁਲਵਿੰਦਰ ਕੌਰ ਪਿਛਲੇ 2 ਸਾਲਾਂ ਤੋਂ ਚੰਡੀਗੜ੍ਹ ਏਅਰ ਪੋਰਟ ‘ਤੇ ਸੁਰਖਿਆ ਕਰਮਚਾਰੀ ਦੇ ਤੌਰ ‘ਤੇ ਤਾਇਨਾਤ ਹੈ। ਕੁਲਵਿੰਦਰ ਦਾ ਪਤੀ ਵੀ CISF ਵਿੱਚ ਕਰਮਚਾਰੀ ਹੈ। ਕੁਲਵਿੰਦਰ ਕੌਰ ਦੇ 2 ਬੱਚੇ ਵੀ ਹਨ। ਉਸਦਾ ਪਰਿਵਾਰ ਕਿਸਾਨੀ ਸੰਘਰਸ਼ ਨਾਲ ਜੁੜਿਆ ਹੋਇਆ ਹੈ
ਕੁਲਵਿੰਦਰ ਨੇ ਕਿਉਂ ਮਾਰਿਆ ਥੱਪੜ
ਥੱਪੜ ਮਾਰਨ ਤੋਂ ਬਾਅਦ ਕੁਲਵਿੰਦਰ ਕੌਰ ਵੱਲੋ ਬੋਲੇ ਜਾ ਰਹੇ ਸ਼ਬਦ ਬੇਹੱਦ ਅਹਿਮ ਹਨ। ਮੀਡਿਆ ‘ਚ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਕਹਿ ਰਹੀ ਹੈ ਕਿ ਜਿਸ ਵੇਲੇ ਕੰਗਨਾ ਨੇ ਦਿੱਲੀ ਵਿਚ ਕਿਸਾਨ ਧਰਨਾ ਦਿੱਤਾ ਜਾ ਰਿਹਾ ਸੀ ਤਾ ਉਸਦੀ ਮਾਂ ਵੀ ਉਸ ਧਰਨੇ ‘ਚ ਮੌਜੂਦ ਸੀ। ਅਜਿਹੇ ‘ਚ ਕੰਗਨਾ ਵੱਲੋ ਉਥੇ ਧਰਨੇ ‘ਚ ਬੈਠੀਆਂ ਔਰਤਾਂ ਦੇ ਖਿਲਾਫ ਜੋ ਬਿਆਨ ਦਿੱਤਾ ਗਿਆ ਸੀ ਉਸਨੂੰ ਲੈ ਕੇ ਉਸਦੇ ਮਨ ‘ਚ ਰੋਹ ਸੀ। ਚੈਕਿੰਗ ਦੌਰਾਨ ਕੰਗਨਾ ਨਾਲ ਹੋਈ ਬਹਿਸ ਤੋਂ ਬਾਅਦ ਉਸਨੇ ਕੰਗਨਾ ਨੂੰ ਥੱਪੜ ਮਾਰਿਆ।
CISF ਦੇ ਅਧਿਕਾਰੀਆਂ ਨੇ ਕਿ ਕਿਹਾ
ਇਸ ਪੂਰੀ ਘਟਨਾ ਬਾਰੇ CISF ਦੇ ਉੱਚ ਅਧਿਕਾਰੀਆਂ ਦੇ ਬਿਆਨ ਸਾਹਮਣੇ ਆਏ ਹਨ। ਬਿਆਨ ‘ਚ ਉਨ੍ਹਾਂ ਕਿਹਾ ਹੈ ਕਿ ਕੁਲਵਿੰਦਰ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ ਅਤੇ ਕਿਹਾ ਕਿ ਇਸ ਘਟਨਾ ਵਿਚ ਅਨੁਸਾਸ਼ਨ ਨੂੰ ਭੰਗ ਕੀਤਾ ਗਿਆ ਹੈ ਅਤੇ ਭਾਵਨਾਵਾਂ ਦੇ ਆਵੇਸ਼ ‘ਚ ਆ ਕੇ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰੀ ਸਮਾਜ ਵਿਚ ਇਸ ਤਰਾਂ ਨਾਲ ਕੋਈ ਮਸਲਾ ਹੱਲ ਨਹੀਂ ਕੀਤਾ ਜਾ ਸਕਦਾ।
ਕਿਹੜੀਆਂ ਧਾਰਾਵਾਂ ਦੇ ਤਹਿਤ ਮਾਮਲਾ ਹੋਇਆ ਦਰਜ
ਕੁਲਵਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਹਿਲਾ ਕਾਂਸਟੇਬਲ ਦੇ ਖਿਲਾਫ ਆਈਪੀਸੀ ਦੀ ਧਾਰਾ 323 ਅਤੇ 341 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਧਾਰਾ 323 ਦੇ ਤਹਿਤ ਮਾਮਲਾ ਕਿਸੇ ਨੂੰ ਸ਼ਰੀਰਕ ਨੁਕਸਾਨ ਪਹੁੰਚਾਉਣ ਲਈ ਕੀਤੇ ਹਮਲੇ ਵਿਚ ਕੀਤਾ ਜਾਂਦਾ ਹੈ ਅਤੇ 341 ਵਿਚ ਕਿਸੇ ਰਾਹ ਜਾਂਦੇ ਵਿਅਕਤੀ ਨੂੰ ਰੋਕਣ ਅਤੇ ਜਾਣ ਨਾ ਦੇਣ ਲਈ ਇਹ ਧਾਰਾ ਲਗਾਈ ਜਾਂਦੀ ਹੈ।
ਕੌਣ ਆਇਆ ਕੁਲਵਿੰਦਰ ਕੌਰ ਦੇ ਹੱਕ ਵਿਚ ਅਤੇ ਕਿਸਨੇ ਕੀਤਾ ਵਿਰੋਧ
ਥੱਪੜ ਮਾਰਨ ਦੀ ਇਸ ਘਟਨਾ ਤੋਂ ਬਾਅਦ ਲਗਾਤਾਰ ਸਿਆਸੀ ਆਗੂ ਕਿਸ ਜਥੇਬੰਦੀਆਂ ਅਤੇ ਮਨੋਰੰਜਨ ਜਗਤ ਦੇ ਲੋਕ ਉਸਦੇ ਹੱਕ ਅਤੇ ਵਿਰੋਧ ਵਿਚ ਬਿਆਨ ਦੇ ਰਹੇ ਹਨ ਅਤੇ ਕੁਝ ਇਸ ਬਾਰੇ ਕੁਝ ਵੀ ਕਹਿਣ ਟੀ ਟਾਲਾ ਵੱਟ ਰਹੇ ਹਨ। ਬਾਲੀਵੁੱਡ ਸਟਾਰ ਵਿਸ਼ਾਲ ਡਡਲਾਨੀ ਨੇ ਸੋਸ਼ਲ ਮੀਡਿਆ ‘ਤੇ ਪੋਸਟ ਪਾ ਕੇ ਕੁਲਵਿੰਦਰ ਕੌਰ ਨੂੰ ਨੌਕਰੀ ਦੇਣ ਦੀ ਗੱਲ ਕਹੀ ਹੈ। ਲੁਧਿਆਣਾ ਦੇ ਇਕ ਵਪਾਰੀ ਦੇ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਇਨਾਮ ਦੇਣ ਦਾ ਆਫਰ ਵੀ ਕੀਤਾ ਹੈ। ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਤਾ ਥੱਪੜ ਕਾਂਡ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜਥੇਬੰਦੀਆਂ ਵੱਲੋ ਹਰਿਆਣਾਂ ‘ਚ ਲੱਡੂ ਵੰਡੇ ਗਏ ਅਤੇ ਢੋਲ ਵੀ ਵਜਾਏ ਗਏ। ਕਈ ਵਕੀਲਾਂ ਨੇ ਕੁਲਵਿੰਦਰ ਦਾ ਕੇਸ ਫਰੀ ‘ਚ ਲੜਨ ਦਾ ਆਫਰ ਵੀ ਦਿੱਤਾ ਹੈ। ਬੀਜੇਪੀ ਦੇ ਆਗੂਆਂ ਵੱਲੋ ਇਸਦਾ ਕਰੜਾ ਵਿਰੋਧ ਕੀਤਾ ਜਾ ਰਿਹਾ ਹੈ। ਸੁਨੀਲ ਜਾਖੜ ਨੇ ਇਸਨੂੰ ਮੰਦਭਾਗਾ ਦੱਸਿਆ ਹੈ।
ਥੱਪੜ ਤੋਂ ਬਾਅਦ ਕੰਗਨਾ ਨੇ ਕਿ ਕਿਹਾ
ਥੱਪੜ ਤੋਂ ਬਾਅਦ ਕੰਗਨਾ ਰਣੌਤ ਨੇ ਆਪਣੇ ਬਿਆਨ ਵਿਚ ਪੰਜਾਬ ਨੂੰ ਟਾਰਗੇਟ ਕਰਦਿਆਂ ਕਿਹਾ ਕਿ “ਮੈਂ ਠੀਕ ਹਾਂ ਮੈਂ ਜਦੋ ਮਹਿਲਾ ਕਰਮਚਾਰੀ ਨੂੰ ਕ੍ਰਾਸ ਕਰਨ ਲੱਗੀ ਤਾ ਮਹਿਲਾ ਕਰਮਚਾਰੀ ਨੇ ਸ਼ਾਇਡ ਤੋਂ ਆ ਕੇ ਮੇਰੇ ਫੇਸ ‘ਤੇ ਹਿੱਟ ਕੀਤਾ ਅਤੇ ਮੈਨੂੰ ਗਾਲਾਂ ਦੇਣ ਲੱਗੀ ਅਤੇ ਜਦੋ ਮੈ ਉਸਨੂੰ ਪੁੱਛਿਆ ਤਾ ਉਸਨੇ ਕਿਹਾ ਕਿ ਉਹ ਫਾਰਮਰ ਪ੍ਰੋਟੈਸਟ ਨੂੰ ਸਪੋਰਟ ਕਰਦੀ ਹੈ”। ਅੱਗੋਂ ਉਸਨੇ ਕਿਹਾ ਕਿ ਜੋ ਅੱਤਵਾਦ ਪੰਜਾਬ ‘ਚ ਵੱਧ ਰਿਹਾ ਹੈ ਉਸਨੂੰ ਕਿਸ ਤਰਾਂ ਹੈਂਡਲ ਕੀਤਾ ਜਾਵੇ।
ਕੁਲਵਿੰਦਰ ਕੌਰ ਦੇ ਭਰਾ ਨੇ ਕਿ ਕਿਹਾ
ਕੁਲਵਿੰਦਰ ਕੋਰ ਦੇ ਭਰਾ ਸ਼ੇਰ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਹੀ ਸੀ। ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਪਰਸ ਅਤੇ ਮੋਬਾਈਲ ਸਕੈਨ ਕਰਵਾਉਣ ਲਈ ਕਿਹਾ ਤਾਂ ਇਸ ‘ਤੇ ਕੰਗਨਾ ਭੜਕ ਪਈ। ਫਿਰ ਕੁਲਵਿੰਦਰ ਕੌਰ ਨੂੰ ਬੁਰਾ ਭਲਾ ਕਹਿਣ ਲੱਗ ਪਈ। ਜਿਸਤੋ ਬਾਅਦ ਗੁੱਸੇ ‘ਚ ਉਸਨੇ ਕੰਗਨਾ ਦੇ ਥੱਪੜ ਮਾਰਿਆ
ਕੁਲਵਿੰਦਰ ਦੇ ਹੱਕ ‘ਚ ਕਿਸਾਨ ਜਥੇਬੰਦੀਆਂ
ਕਿਸਾਨ ਯੂਨੀਅਨਾਂ ਨੇ ਕੁਵਿੰਦਰ ਕੌਰ ਦੇ ਹੱਕ ‘ਚ ਖੜਨ ਦਾ ਐਲਾਨ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੁਲਵਿੰਦਰ ਕੌਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਇਲਜ਼ਾਮ ਲਾਇਆ ਕਿ ਬਾਲੀਵੁੱਡ ਅਦਾਕਾਰਾ ਰਣੌਤ ਨੇ ਕੁਲਵਿੰਦਰ ਨੂੰ ਗਲਤ ਟਿੱਪਣੀ ਕੀਤੀ ਸੀ। ਕੁਲਵਿੰਦਰ ਨੂੰ ਇਨਸਾਫ਼ ਦਿਵਾਉਣ ਲਈ 9 ਜੂਨ ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਐੱਸਐੱਸਪੀ ਮੁਹਾਲੀ ਦੇ ਦਫ਼ਤਰ ਤੱਕ ਇਨਸਾਫ਼ ਮਾਰਚ ਕੱਢਣ ਦਾ ਐਲਾਨ ਵੀ ਕੀਤਾ ਗਿਆ ਹੈ।