ਕੰਗਣਾ ਰਣੌਤ ਥੱਪੜ ਕਾਂਡ – ਸੀਆਈਐੱਸਐਫ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਹੱਕ ਵਿੱਚ ਨਿੱਤਰੀਆਂ ਕਿਸਾਨ ਜਥੇਬੰਦੀਆਂ
ਚੰਡੀਗੜ੍ਹ, 9ਜੂਨ(ਵਿਸ਼ਵ ਵਾਰਤਾ)-ਮੰਡੀ ਸੀਟ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਕੰਗਣਾ ਰਣੌਤ ਨੂੰ ਵੀਰਵਾਰ (6 ਜੂਨ) ਨੂੰ ਚੰਡੀਗੜ੍ਹ ਏਅਰਪੋਰਟ ‘ਤੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ। ਚੰਡੀਗੜ੍ਹ ਏਅਰਪੋਰਟ ‘ਤੇ ਹੋਏ ਵਿਵਹਾਰ ਤੋਂ ਨਾਰਾਜ਼ ਕੰਗਣਾ ਦੇ ਇਕ ਬਿਆਨ ‘ਤੇ ਹੰਗਾਮਾ ਹੋਇਆ ਹੈ। ਕੰਗਣਾ ਨੇ ਕਿਹਾ ਸੀ ਕਿ ਪੰਜਾਬ ‘ਚ ਵਧ ਰਹੀ ਅੱਤਵਾਦੀ ਸੋਚ ਚਿੰਤਾ ਦਾ ਵਿਸ਼ਾ ਹੈ। ਜਿਸ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਅਤੇ ਹੋਰ ਜਥੇਬੰਦੀਆਂ ਵੱਲੋਂ ਕੰਗਣਾ ਦੇ ਬਿਆਨ ਦੀ ਨਿਖੇਧੀ ਕੀਤੀ ਗਈ।
ਇਸ ਘਟਨਾ ਤੋਂ ਬਾਅਦ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਤੇ ਐਫਆਈਆਰ ਵੀ ਦਰਜ ਹੋਈ ਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਹੁਣ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਨੂੰ ਇਨਸਾਫ ਦਵਾਉਣ ਲਈ ਨਿਤਰ ਕੇ ਆਈਆਂ ਹਨ। ਜਿਸ ਦੇ ਚਲਦਿਆਂ ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਮੁਹਾਲੀ ਐਸਐਸਪੀ ਦਫਤਰ ਤੱਕ ਮਾਰਚ ਕੱਢਿਆ ਗਿਆ।