ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਚੌਥੇ ਦਿਨ ਵੀ ਮੁੱਖ ਮੰਤਰੀ ਰਿਹਾਇਸ਼ ਵੱਲ ਕੂਚ
ਮੁਹਾਲੀ 9 ਫਰਵਰੀ (ਵਿਸ਼ਵ ਵਾਰਤਾ ਬਿਉਰੋ)- ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਜਿਆਦਾ ਸਮੇਂ ਤੋਂ ਮੁਹਾਲੀ ਵਿਖੇ ਧਰਨਾ ਲਗਾਈ ਬੈਠੇ ਕੌਮੀ ਇਨਸਾਫ ਮੋਰਚੇ ਦਾ 31 ਮੈਂਬਰੀ ਜਥੇ ਵੱਲੋਂ ਅੱਜ ਚੌਥੇ ਦਿਨ ਵੀ ਮੁੱਖ ਮੰਤਰੀ ਰਿਹਾਇਸ਼ ਵੱਲ ਕੂਚ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਜਥੇ ਦਾ ਬੀਤੇ ਕੱਲ੍ਹ ਚੰਡੀਗੜ੍ਹ-ਮੁਹਾਲੀ ਬਾਰਡਰ (ਸੈਕਟਰ 52/53 ਡਿਵਾਈਡਿੰਗ ਰੋਡ) ‘ਤੇ ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ‘ਨਾਲ ਟਕਰਾਅ ਹੋ ਗਿਆ ਸੀ। ਇਸ ਦੌਰਾਨ ਕੁੱਝ ਪ੍ਰਦਰਸ਼ਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਖਿਲਾਫ ਚੰਡੀਗੜ੍ਹ ਪੁਲਿਸ ਵੱਲੋਂ ਸੈਕਟਰ 36 ਅਤੇ ਮੁਹਾਲੀ ਪੁਲਿਸ ਵੱਲੋਂ ਮਟੌਰ ਥਾਣੇ ਵਿੱਚ ਗੰਭੀਰ ਧਾਰਾਵਾਂ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਹਰ ਰੋਜ ਮੋਰਚੇ ਦੇ ਜਥੇ ਵੱਲੋਂ ਮੁੱਖ ਮੰਤਰੀ ਰਿਹਾਇਸ਼ ਵੱਲ ਕੂਚ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸਿੰਘੂ ਸਰਹੱਦ ਦੀ ਤਰਜ਼ ‘ਤੇ ਬੀਤੀ 7 ਜਨਵਰੀ ਤੋਂ ਗੁਰਦੁਆਰਾ ਅੰਬ ਸਾਹਿਬ ਨੇੜੇ ਕੌਮੀ ਇਨਸਾਫ਼ ਮੋਰਚਾ ਦਾ ‘ਪੱਕਾ ਮੋਰਚਾ’ ਲਾਇਆ ਹੋਇਆ ਹੈ।
ਮੁੱਖ ਮੰਤਰੀ ਰਿਹਾਇਸ਼ ਵੱਲ ਜਾਣ ਤੋਂ ਪਹਿਲਾਂ ਇਨਸਾਫ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਅੱਜ ਕਿਸੇ ਵੀ ਬਾਹਰੀ ਆਦਮੀ ਨੂੰ ਜਥੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਸਿਰਫ 31 ਮੈਂਬਰ ਹੀ ਅੱਗੇ ਵਧਣਗੇ।