ਕੌਂਸਲ ਪ੍ਰਧਾਨ ਨੂੰ ਜਾਨੋ ਮਾਰਨ ਦੀਆਂ ਦਿੱਤੀਆਂ ਧਮਕੀਆਂ, ਸਰਕਾਰੀ ਕੰਮ ‘ਚ ਪਾਈ ਰੋਕ
ਦੋ ਇਸ਼ਤਰੀ ਕੌਂਸਲਰਾਂ ਦੇ ਪਤੀ ਅਤੇ ਪੁੱਤਰ ਖਿਲਾਫ ਮਾਮਲਾ ਦਰਜ
ਬੁਢਲਾਡਾ, 1 ਮਈ (ਵਿਸ਼ਵ ਵਾਰਤਾ) ਸਥਾਨਕ ਸ਼ਹਿਰ ਦੇ 2 ਇਸਤਰੀਆਂ ਕੌਂਸਲਰਾਂ ਦੇ ਪਤੀ ਅਤੇ ਪੁੱਤਰ ਵੱਲੋਂ ਨਗਰ ਕੌਂਸਲ ਪ੍ਰਧਾਨ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ, ਸਰਕਾਰੀ ਕੰਮ ਵਿੱਚ ਰੋਕ ਲਾਉਣ ਦੇ ਦੋਸ਼ ਹੇਠ ਸਿਟੀ ਪੁਲਿਸ ਵੱਲੋਂ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਬ੍ਰਿਧ ਆਸ਼ਰਮ ਨਜਦੀਕ ਸ਼ੜਕ ਤੇ ਲੁੱਕ ਪਾਉਣ ਦਾ ਕੰਮ ਚੱਲ ਰਿਹਾ ਸੀ ਤਾਂ ਕੌਂਸਲ ਦੇ ਜੇ.ਈ. ਰਾਕੇਸ਼ ਕੁਮਾਰ ਅਤੇ ਠੇਕੇਦਾਰ ਵੱਲੋਂ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਨੂੰ ਬੁਲਾਇਆ ਗਿਆ ਸੀ। ਜਿੱਥੇ ਉਨ੍ਹਾਂ ਦੇ ਨਾਲ ਕੌਂਸਲਰ ਰਜਿੰਦਰ ਸੈਣੀ ਝੰਡਾ, ਕੌਂਸਲਰ ਤਾਰੀ ਫੌਜੀ, ਕੌਂਸਲਰ ਪ੍ਰੇਮ ਗਰਗ ਅਤੇ ਕੌਂਸਲਰ ਦੇ ਪਤੀ ਬਲਵਿੰਦਰ ਸਿੰਘ ਬਿੰਦਰੀ ਮੌਜੂਦ ਸਨ। ਇਸ ਮੌਕੇ ਸੜਕ ਦਾ ਕੰਮ ਤਾਂ ਚਾਲੂ ਕਰਵਾ ਦਿੱਤਾ ਗਿਆ ਸੀ ਪ੍ਰੰਤੂ ਚਲਦੇ ਕੰਮ ਵਿੱਚ ਇਸਤਰੀ ਕੌਂਸਲਰ ਗੁਰਪ੍ਰੀਤ ਕੌਰ ਚਹਿਲ ਦੇ ਪਤੀ ਤਰਜੀਤ ਸਿੰਘ ਚਹਿਲ ਅਤੇ ਇਸਤਰੀ ਕੌਂਸਲਰ ਰਾਣੀ ਸ਼ਰਮਾਂ ਦੇ ਪੁੱਤਰ ਕੁਸ਼ ਵਾਤਿਸ਼ ਮੌਕੇ ਤੇ ਪਹੁੰਚ ਕੇ ਪ੍ਰਧਾਨ ਸਮੇਤ ਦੂਸਰੇ ਕੌਂਸਲਰਾਂ ਨਾਲ ਗਾਲੀ ਗਲੋਚ ਕਰਨ ਲੱਗੇ ਅਤੇ ਅਪਸ਼ਬਦ ਬੋਲਦਿਆਂ ਧੱਕਾ ਮੁੱਕੀ ਕਰਦਿਆਂ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਅਤੇ ਚਲ ਰਿਹਾ ਕੰਮ ਨੂੰ ਬੰਦ ਕਰਵਾ ਦਿੱਤਾ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਅਤੇ ਇਸ ਝਗੜੇ ਦੀ ਵੀਡਿਓ ਵੀ ਵਾਈਰਲ ਹੋ ਗਈ। ਪੁਲਿਸ ਨੇ ਤਰਜੀਤ ਚਹਿਲ ਅਤੇ ਕੁਸ਼ ਵਤਿਸ਼ ਦੇ ਖਿਲਾਫ ਧਾਰਾ 353, 186, 506—34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਐਸ.ਐਚ.ਓ. ਸਿਟੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਉਪਰੋਕਤ ਦਰਜ ਕੀਤੇ ਮੁਕੱਦਮੇ ਨੂੰ ਲੈ ਕੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁਭਾਸ਼ ਵਰਮਾਂ ਨੇ ਕਿਹਾ ਕਿ ਇਹ ਕਾਂਗਰਸੀ ਆਗੂਆਂ ਤੇ ਝੂਠੇ ਮੁਕੱਦਮੇ ਦਰਜ ਕਰਨਾ ਬਦਲੇ ਦੀ ਭਾਵਨਾ ਹੈ।