ਕੌਂਸਲਰ ਬੁਟੇਰਲਾ ਵੱਲੋਂ ਸਵਰਗੀ ਭਰਾ ਮਲਕੀਅਤ ਸਿੰਘ ਬੁਟੇਰਲਾ ਦੀ ਯਾਦ ਵਿੱਚ 19ਵਾਂ ਖੂਨਦਾਨ ਕੈਂਪ
ਚੰਡੀਗਡ਼੍ਹ, 2 ਜੁਲਾਈ (ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਚੰਡੀਗਡ਼੍ਹ ਦੇ ਪ੍ਰਧਾਨ ਅਤੇ ਨਗਰ ਨਿਗਮ ਚੰਡੀਗਡ਼੍ਹ ਦੇ ਵਾਰਡ ਨੰਬਰ 30 ਤੋਂ ਮੌਜੂਦਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਆਪਣੇ ਸਵਰਗੀ ਭਰਾ ਮਲਕੀਅਤ ਸਿੰਘ ਬੁਟੇਰਲਾ ਦੀ ਯਾਦ ਵਿੱਚ 19ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਸੈਕਟਰ 41 ਦੇ ਕਮਿਊਨਿਟੀ ਸੈਂਟਰ ਵਿਖੇ ਸਵਰਗੀ ਮਲਕੀਅਤ ਸਿੰਘ ਬੁਟੇਰਲਾ ਦੀ ਪਤਨੀ ਸ੍ਰੀਮਤੀ ਸਤਨਾਮ ਕੌਰ ਦੀ ਦੇਖਰੇਖ ਹੇਠ ਲਗਾਏ ਇਸ ਕੈਂਪ ਵਿੱਚ ਨਗਰ ਨਿਗਮ ਚੰਡੀਗਡ਼੍ਹ ਦੇ ਮੇਅਰ ਸਰਬਜੀਤ ਕੌਰ ਮੁੱਖ ਮਹਿਮਾਨ ਵਜੋਂ ਜਦਕਿ ਐਸ.ਐਸ.ਪੀ. ਚੰਡੀਗਡ਼੍ਹ ਕੁਲਦੀਪ ਸਿੰਘ ਚਹਿਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਏ.ਐੱਸ.ਪੀ. ਮਿਰਦੁਲ, ਡੀ.ਐਸ.ਪੀ. ਗੁਰਮੁਖ ਸਿੰਘ, ਇਲਾਕਾ ਐਸ.ਐਚ.ਓ. ਗਿਆਨ ਸਿੰਘ ਸਮੇਤ ਨਿਗਮ ਕੌਂਸਲਰ ਕੰਵਰਜੀਤ ਸਿੰਘ ਰਾਣਾ ਅਤੇ ਸੌਰਭ ਜੋਸ਼ੀ ਵੀ ਕੈਂਪ ਵਿੱਚ ਹਾਜ਼ਰ ਹੋਏ।
ਕੈਂਪ ਵਿੱਚ ਨੇ ਸੁੰਦਰ ਲਾਲ ਨੇ 42ਵੀਂ ਵਾਰ, ਹਰਦੀਪ ਬੁਟੇਰਲਾ ਨੇ 25ਵੀਂ ਵਾਰ ਖੂਨਦਾਨ ਕੀਤਾ। ਇਸ ਤੋਂ ਇਲਾਵਾ ਪਰਿਵਾਰ ਵਿੱਚੋਂ ਬੁਟੇਰਲਾ ਦੀ ਪਤਨੀ ਮਨਜੀਤ ਕੌਰ ਅਤੇ ਮਲਕੀਤ ਸਿੰਘ ਦੇ ਬੇਟੇ ਹਰਸ਼ਪ੍ਰੀਤ ਸਿੰਘ ਨੇ ਵੀ ਖੂਨਦਾਨ ਕੀਤਾ। ਸੰਗੀਤਾ ਅਤੇ ਮਨਮੀਤ ਕੌਰ ਨੇ ਪਹਿਲੀ ਵਾਰ ਖੂਨਦਾਨ ਕੀਤਾ। ਡੀ.ਐਸ.ਪੀ. ਗੁਰਮੁਖ ਸਿੰਘ ਨੇ ਵੀ ਖੂਨਦਾਨ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਹਰਦੀਪ ਸਿੰਘ ਬੁਟੇਰਲਾ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਮਲਕੀਅਤ ਸਿੰਘ ਬੁਟੇਰਲਾ ਜਿਹਡ਼ੇ ਕਿ ਇਸ ਖੇਤਰ ਤੋਂ ਕੌਂਸਲਰ ਵੀ ਰਹੇ, ਦੀ ਲਗਭਗ 35 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੇ ਭਰਾ ਸਮਾਜ ਸੇਵਾ ਦੇ ਖੇਤਰ ਵਿੱਚ ਕਾਫ਼ੀ ਯੋਗਦਾਨ ਪਾਉਂਦੇ ਰਹੇ ਅਤੇ ਇਲਾਕੇ ਵਿੱਚ ਪੂਰੀ ਹਰਮਨ ਪਿਆਰਤਾ ਰੱਖਦੇ ਸਨ। ਬਤੌਰ ਕੌਂਸਲਰ ਉਨ੍ਹਾਂ ਆਪੇ ਵਾਰਡ ਦੇ ਲੋਕਾਂ ਦੀ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦਾ ਨਾਮ ਅੱਜ ਵੀ ਲੋਕਾਂ ਦੀ ਜ਼ੁਬਾਨ ਉਤੇ ਹੈ। ਆਪਣੇ ਭਰਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ਉਤੇ ਚੱਲਦਿਆਂ ਪਰਿਵਾਰ ਵੱਲੋਂ ਖੂਨਦਾਨ ਕੈਂਪ ਪਹਿਲਾਂ ਵੀ ਲਗਾਏ ਜਾਂਦੇ ਰਹੇ ਹਨ ਅਤੇ ਅੱਜ ਵੀ ਇਹ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਰਕਾਰੀ ਹਸਪਤਾਲ ਸੈਕਟਰ 16 ਤੋਂ ਬਲੱਡ ਬੈਂਕ ਸਟਾਫ਼ ਦੀ ਟੀਮ ਨੇ 122 ਯੂਨਿਟ ਖੂਨ ਇਕੱਤਰ ਕੀਤਾ।
ਖੂਨਦਾਨੀਆਂ ਲਈ ਬੁਟੇਰਲਾ ਪਰਿਵਾਰ ਵੱਲੋਂ ਰਿਫਰੈਸ਼ਮੈਂਟ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਇੱਕ-ਇੱਕ ਤੁਲਸੀ ਦਾ ਪੌਦਾ, ਆਰਗੈਨਿਕ ਖਾਦ ਦਾ ਇੱਕ-ਇੱਕ ਪੈਕਟ, ਮਲਕੀਅਤ ਸਿੰਘ ਯਾਦਗਾਰੀ ਦੀਵਾਰ ਘਡ਼ੀ, ਪੈੱਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਿਸ਼ਨਾ ਮਾਰਕੀਟ ਐਸੋਸੀਏਸ਼ਨ ਸੈਕਟਰ 41 ਦੇ ਪ੍ਰਧਾਨ ਕਾਕਾ ਸਿੰਘ, ਰਾਜਿੰਦਰ ਸਿੰਘ ਹੀਰਾ ਨੰਬਰਦਾਰ, ਅਮਨਦੀਪ ਸਿੰਘ, ਕਾਲਾ ਬਡਹੇਡ਼ੀ, ਬਹਾਦਰ ਸਿੰਘ, ਸੰਤ ਲਾਲ, ਅਨਿਲ ਕੁਮਾਰ, ਸੰਜੀਵ ਕੁਮਾਰ, ਸੁਰਜੀਤ ਸਿੰਘ ਅਤੇ ਕਰਮ ਸਿੰਘ ਆਦਿ ਵੀ ਹਾਜ਼ਰ ਸਨ।