*ਦਿੱਲੀ ‘ਚ ਪਲਾਜ਼ਮਾ ਥੈਰੇਪੀ ਦੀ ਸਫਲਤਾ ਨੇ ਜਗਾਈ ਵੱਡੀ ਉਮੀਦ*
*ਵਿਸ਼ੇਸ਼ ਯੋਜਨਾ ਰਾਹੀਂ ਕੋਰੋਨਾ ‘ਤੇ ਫ਼ਤਿਹ ਹਾਸਲ ਕਰਨ ਵਾਲੇ ਮਰੀਜ਼ਾਂ ਨੂੰ ਪਲਾਜ਼ਮਾ ਦਾਨ ਲਈ ਉਤਸ਼ਾਹਿਤ ਕੀਤਾ ਜਾਵੇ*
*ਚੰਡੀਗੜ੍ਹ, 24 ਅਪ੍ਰੈਲ 2020(ਵਿਸ਼ਵ ਵਾਰਤਾ )ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ‘ਚ ਕੇਜਰੀਵਾਲ ਸਰਕਾਰ ਵਾਂਗ ਕੋਰੋਨਾ ਵਾਇਰਸ ਦੀ ਜਾਂਚ ਲਈ ਵੱਡੇ ਪੱਧਰ ‘ਤੇ ਟੈੱਸਟ (ਜਾਂਚ) ਅਤੇ ਇਲਾਜ ਲਈ ਪਲਾਜ਼ਮਾ ਥੈਰੇਪੀ ‘ਤੇ ਜ਼ੋਰ ਦੇਵੇ, ਤਾਂ ਕਿ ਕੋਰੋਨਾ ਮਹਾਂਮਾਰੀ ਨੂੰ ਹਰਾਇਆ ਜਾ ਸਕੇ।
ਪਾਰਟੀ ਹੈੱਡਕੁਆਟਰ ਤੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਅਪਣਾਏ ਜਾ ਰਹੇ ਵੱਖ-ਵੱਖ ਤਰੀਕਿਆਂ ਅਤੇ ਇਲਾਜ ਪ੍ਰਣਾਲੀਆਂ ਤਹਿਤ ਦਿੱਲੀ ਸਰਕਾਰ ਨੇ ਜਿੱਥੇ ਪ੍ਰਭਾਵਿਤ ਖੇਤਰਾਂ ਨੂੰ ਕੈਂਟੋਨਮੈਂਟ ਜ਼ੋਨਾਂ ‘ਚ ਵੰਡ ਕੇ ਵੱਡੇ ਪੱਧਰ ‘ਤੇ ਟੈੱਸਟ (ਜਾਂਚ) ਮੁਹਿੰਮ ਵਿੱਢੀ ਹੋਈ ਹੈ, ਉੱਥੇ ਇਲਾਜ ਲਈ ਪਲਾਜ਼ਮਾ ਥੈਰੇਪੀ ‘ਤੇ ਜ਼ੋਰ ਦਿੱਤਾ, ਜਿਸ ਦੇ ਸਫਲਤਾ ਨੇ ਵੱਡੀਆਂ ਉਮੀਦਾਂ ਅਤੇ ਹੌਸਲਾ ਦਿੱਤਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁਢਲੇ ਪੜਾਅ ‘ਤੇ ਦਿੱਲੀ ਦੇ ਸਰਕਾਰੀ ਹਸਪਤਾਲਾਂ ‘ਚ 4 ਮਰੀਜਾਂ ਉੱਤੇ ਪਲਾਜ਼ਮਾ ਥੈਰੇਪੀ ਇਲਾਜ ਵਿਧੀ ਅਪਣਾਈ ਗਈ ਸੀ, ਇਨ੍ਹਾਂ ਵਿਚੋਂ ਆਈ.ਸੀ.ਯੂ ‘ਚ ਦਾਖਲ 2 ਮਰੀਜ ਠੀਕ ਹੋ ਕੇ ਜਨਰਲ ਵਾਰਡ ਵਿਚ ਆ ਗਏ ਹਨ ਜਦਕਿ 2 ਦੀ ਹਾਲਤ ਵਿਚ ਤੇਜੀ ਨਾਲ ਤਸੱਲੀਬਖਸ਼ ਸੁਧਾਰ ਹੋ ਰਿਹਾ ਹੈ। ਇਸ ਤੋਂ ਉਤਸਾਹਿਤ ਹੋ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡੇ ਪੱਧਰ ‘ਤੇ ਪਲਾਜ਼ਾਮਾ ਥੈਰੇਪੀ ਵਿਧੀ ਅਪਣਾਉਣ ਦਾ ਫੈਸਲਾ ਲਿਆ ਅਤੇ ਇਸ ਬਾਰੇ ਕੇਂਦਰ ਸਰਕਾਰ ਤੋਂ ਵਿਸ਼ੇਸ਼ ਇਜਾਜਤ ਮੰਗੀ ਹੈ। ਇਸ ਲਈ ਜਿਵੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਉਤਸ਼ਾਹਿਤ ਕਰਨ ਦਾ ਖ਼ੁਦ ਬੀੜਾ ਚੁੱਕਿਆ ਹੋਇਆ ਹੈ, ਉਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਲਾਜ਼ਮਾ ਦੇ ਵੱਧ ਤੋਂ ਵੱਧ ਦਾਨ ਕਰਨ ਲਈ ਉਨ੍ਹਾਂ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਜਿੰਨਾ ਨੇ ਕੋਰੋਨਾ ਨੂੰ ਮਾਤ ਦੇ ਕੇ ਜ਼ਿੰਦਗੀ ਦੀ ਜੰਗ ਜਿੱਤੀ ਹੈ।
ਜ਼ਿਕਰਯੋਗ ਹੈ ਕਿ ਪਲਾਜ਼ਮਾ ਖ਼ੂਨ ਦੇ ਕਤਰੇ ‘ਚ ਪਾਇਆ ਜਾਨ ਵਾਲਾ ਇੱਕ ਵਾਇਟ ਬਲੱਡ ਹੁੰਦਾ ਹੈ, ਜਿਸ ਨੂੰ ਦਾਨ (ਡੋਨੇਟ) ਕਰਨ ਨਾਲ ਦਾਨੀ ਦੇ ਸਰੀਰ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਅਤੇ ਇਸ ਨੂੰ ਹਫਤੇ ‘ਚ 2 ਵਾਰ ਦਾਨ ਕੀਤਾ ਜਾ ਸਕਦਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੌਕਡਾਊਨ (ਕਰਫ਼ਿਊ) ਦੇ ਬਾਵਜੂਦ ਪੰਜਾਬ ‘ਚ ਕੋਰੋਨਾ ਵਾਇਰਸ ਦੇ ਕੇਸਾਂ ਦਾ ਵਧਣਾ ਚਿੰਤਾ ਵਾਲੀ ਗੱਲ ਹੈ, ਪਰੰਤੂ ਇਸ ਨੂੰ ਵੱਡੇ ਪੱਧਰ ‘ਤੇ ਟੈਸਟਿੰਗ ਮੁਹਿੰਮ ਚਲਾ ਕੇ ਕਾਬੂ ਕੀਤਾ ਜਾ ਸਕਦਾ ਹੈ। ਚੀਮਾ ਨੇ ਲੋਕਾਂ ਨੂੰ ਹਰ ਹਾਲ ਘਰਾਂ ‘ਚ ਰਹਿਣ ਦੀ ਅਪੀਲ ਕਰਦਿਆਂ ਸੁਚੇਤ ਕੀਤਾ ਕਿ ਕੋਰੋਨਾ ਪ੍ਰਭਾਵਿਤ ਜਿੰਨਾ ਲੋਕਾਂ ‘ਚ ਕੋਰੋਨਾ ਦਾ ਕੋਈ ਵੀ ਲੱਛਣ ਸਾਹਮਣੇ ਨਹੀਂ ਆਉਂਦਾ, ਉਹ ਜ਼ਿਆਦਾ ਵੱਡੀ ਚੁਣੌਤੀ ਬਣ ਰਹੇ ਹਨ। ਜਿਸਦਾ ਇਕੋ-ਇਕ ਤੋੜ ਵਿਆਪਕ ਟੈਸਟਿੰਗ (ਜਾਂਚ) ਹੈ।