ਕੋਰੋਨਾ ਦੀ ਜਕੜ ਵਿੱਚ ਆਇਆ ਹਰਿਆਣਾ
ਅੱਜ ਹੋਵੇਗਾ “ਮੈਗਾ ਵੈਕਸੀਨ” ਅਭਿਆਨ
ਚੰਡੀਗੜ੍ਹ, 22ਮਾਰਚ (ਵਿਸ਼ਵ ਵਾਰਤਾ)- ਹਰਿਆਣਾ ਦੇ 13 ਜ਼ਿਲ੍ਹੇ ਕੋਰੋਨਾ ਦੀ ਦੂਸਰੀ ਲਹਿਰ ਦੀ ਮਾਰ ਵਿੱਚ ਆ ਗਏ ਹਨ। ਇਹਨਾਂ ਜ਼ਿਲਿਆਂ ਵਿੱਚ ਲਗਭਗ ਰੋਜ਼ਾਨਾ ਪੰਜ ਸੌ ਤੋਂ ਵਧ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਇਸ ਦੇ ਮੱਦੇਨਜ਼ਰ ਸਰਕਾਰ ਨੇ ਰਾਜ ਵਿੱਚ ਸੋਮਵਾਰ ਤੋਂ ਕੋਰੋਨਾ ਟੈਸਟਿੰਗ ਵਧਾਉਣ ਅਤੇ ਮਾਸਕ ਚਲਾਨ ਅਭਿਆਨ ਨੂੰ ਤੇਜ਼ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਰਫਤਾਰ ਲਗਾਤਾਰ ਵੱਧਦੀ ਜਾ ਰਹੀ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਹੁਣ ਤੱਕ ਆਏ ਕੋਰੋਨਾ ਪਾਜ਼ੀਟਿਵ ਕੇਸਾਂ ਦੇ ਆਧਾਰ ਤੇ ਰਾਜ ਦੇ ਚਾਰ ਜ਼ਿਲਿਆਂ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ।
ਇਹ ਸਹੀ ਹੈ ਕਿ ਰਾਜ ਵਿੱਚ ਕੋਰੋਨਾ ਕੇਸ ਲਗਾਤਾਰ ਵੱਧ ਰਹੇ ਹਨ। ਪਰ ਸਰਕਾਰ ਦਾ ਵੈਕਸੀਨੇਸ਼ਨ ਉਤੇ ਪੂਰਾ ਧਿਆਨ ਹੈ। ਸੋਮਵਾਰ ਨੂੰ ਰਾਜ ਵਿੱਚ ਮੈਗਾ ਵੈਕਸੀਨੇਸ਼ਨ ਅਭਿਆਨ ਚਲਾਇਆ ਜਾਵੇਗਾ। ਪਿਛਲੇ ਛੇ ਦਿਨਾਂ ਵਿੱਚ ਲਗਭਗ 3,85,103 ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਡੋਜ਼ ਦਿੱਤੀ ਗਈ ਹੈ। “ਮੈਗਾ ਵੈਕਸੀਨ ਦਿਵਸ” ਅਭਿਆਨ ਦੇ ਤਹਿਤ 15 ਮਾਰਚ ਨੂੰ ਇਕ ਲੱਖ 58 ਹਜ਼ਾਰ 901 ,16 ਮਾਰਚ ਨੂੰ 67 ਹਜ਼ਾਰ 650 ,17 ਮਾਰਚ ਨੂੰ 14 ਹਜ਼ਾਰ 199,18ਮਾਰਚ ਨੂੰ 68 ਹਜ਼ਾਰ 858 ਅਤੇ 19 ਮਾਰਚ ਨੂੰ 60 ਹਜ਼ਾਰ 944 ਲੋਕਾਂ ਵੈਕਸੀਨ ਦੀ ਡੋਜ਼ ਦਿੱਤੀ ਗਈ ਹੈ।